
ਕਾਂਗਰਸ ਉਦੋਂ ਤੱਕ ਵਿਰੋਧ ਕਰਦੀ ਰਹੇਗੀ ਜਦੋਂ ਤੱਕ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕਦੀ- ਗੁਰਜੀਤ ਔਜਲਾ
ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਜਾਰੀ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੁੱਧ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਵੱਲੋਂ ਸੰਸਦ ਭਵਨ ਦੇ ਬਾਹਰ ਕਾਲੇ ਚੋਲੇ ਪਾ ਕੇ ਰਸਮੀ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੁਰਜੀਤ ਔਜਲਾ ਨੇ ਕਿਹਾ ਕਿ ਉਹ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਸਖਤ ਵਿਰੋਧ ਕਰ ਰਹੇ ਹਨ।
Gurjit Singh Aujla
ਉਹਨਾਂ ਦੱਸਿਆ ਕਿ ਸਰਕਾਰ ਪ੍ਰਾਈਵੇਟ ਕੰਪਨੀਆਂ ਨੂੰ ਹੋਰ ਉਤਸ਼ਾਹਿਤ ਕਰ ਰਹੀ ਹੈ ਤੇ ਸਾਰੇ ਅਧਿਕਾਰ ਉਹਨਾਂ ਦੇ ਹੱਥਾਂ ਵਿਚ ਦੇਣ ਜਾ ਰਹੀ ਹੈ, ਜਿਸ ਦਾ ਉਹ ਡਟ ਕੇ ਵਿਰੋਧ ਕਰਨਗੇ। ਉਹਨਾਂ ਕਿਹਾ ਕਿ ਮੰਡੀਆਂ ਖਤਮ ਕਰਨ ਵਾਲੇ ਬਿਲ ਦਾ ਵੀ ਉਹ ਵਿਰੋਧ ਕਰ ਰਹੇ ਹਨ, ਇਸ ਬਿੱਲ ਨਾਲ ਕਿਸਾਨ ਕੋਲੋਂ ਸਿੱਧੀ ਖਰੀਦ ਕੀਤੀ ਜਾਵੇਗੀ, ਇਸ ਦਾ ਕੋਈ ਟੈਕਸ ਨਹੀਂ ਦਿੱਤਾ ਜਾਵੇਗਾ।
Farmer protest
ਉਹਨਾਂ ਕਿਹਾ ਕਿ ਅੱਜ ਸਾਡਾ ਕਿਸਾਨ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿਚ ਵਿਕਣ ਜਾ ਰਿਹਾ ਹੈ। ਗੁਰਜੀਤ ਔਜਲਾ ਨੇ ਕਿਹਾ ਕਿ ਉਹ ਦੇਸ਼ ਦੇ ਕਿਸਾਨਾਂ ਨਾਲ ਖੜ੍ਹੇ ਹਨ ਅਤੇ ਉਹਨਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਦੇ ਰਹਿਣਗੇ। ਔਜਲਾ ਨੇ ਕਿਹਾ ਕਿ ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਤੇ ਪੂਰੇ ਦੇਸ਼ ਨੂੰ ਅਨਾਜ ਦਿੰਦਾ ਹੈ, ਪਰ ਕੇਂਦਰ ਸਰਕਾਰ ਨੇ ਉਹਨਾਂ ਦੀਆਂ ਵੋਟਾਂ ਲੈਣ ਤੋਂ ਬਾਅਦ ਇਹ ਕਾਲਾ ਬਿੱਲ ਲਿਆਂਦਾ, ਜਿਸ ਦੇ ਆਉਣ ਨਾਲ ਕਿਸਾਨ ਮੁੜ 1947 ਤੋਂ ਪਹਿਲਾਂ ਵਾਲੀ ਥਾਂ ‘ਤੇ ਜਾ ਕੇ ਖੜ੍ਹਾ ਹੋ ਗਿਆ ਹੈ।
Jasbir Singh Dimpa
ਔਜਲਾ ਨੇ ਕਿਹਾ ਕਿ ਖੇਤੀਬਾੜੀ ਆਰਡੀਨੈਂਸ 2020 ਨਾਲ ਸਾਡੀ ਖੇਤੀਬਾੜੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ, ਜਿਸ ‘ਤੇ ਸਾਡੀ 60% ਆਬਾਦੀ ਨਿਰਭਰ ਕਰਦੀ ਹੈ। ਸੰਸਦ ਸੈਸ਼ਨ ਵਿਚ ਆਰਡੀਨੈਂਸ ਵਾਪਸ ਲੈਣ ਅਤੇ ਐਮਐਸਪੀ ਨੂੰ ਕਾਨੂੰਨੀ ਅਧਿਕਾਰ ਬਣਾਉਣ ਦੀ ਮੰਗ ਕਰਦਿਆਂ ਉਹਨਾਂ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨਾਲ ਮਿਲ ਕੇ ਵਿਰੋਧ ਪ੍ਰਦਰਸ਼ਨ ਕੀਤਾ।
Parliament
ਉਹਨਾਂ ਕਿਹਾ ਕਿ ਕੱਲ੍ਹ ਉਹ ਇਹਨਾਂ ਆਰਡੀਨੈਂਸਾਂ ਦੇ ਵਿਰੋਧ ਵਿਚ ਸੈਸ਼ਨ ਦੌਰਾਨ ਅਪਣੇ ਵਿਚਾਰ ਪੇਸ਼ ਕਰਨਗੇ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਸੰਸਦ ਦੇ ਅੰਦਰ ਅਤੇ ਬਾਹਰ ਖੇਤੀ ਆਰਡੀਨੈਂਸਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਉਹ ਉਦੋਂ ਤੱਕ ਵਿਰੋਧ ਕਰਦੇ ਰਹਿਣਗੇ ਜਦੋਂ ਤੱਕ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕਦੀ।