
ਮਾਝਾ ਐਕਸਪ੍ਰੈਸ ਦੇ ਮੁੱਦਿਆਂ ਦੇ ਮੋਰਚੇ ਦੀ ਫ਼ਤਿਹ ਹੋਈ ਹੈ: ਸੁਖਜਿੰਦਰ ਰੰਧਾਵਾ
ਕਿਹਾ, ਹਾਈ ਕਮਾਨ ਦਾ ਫ਼ੈਸਲਾ ਸਿਰ ਮੱਥੇ ਅਤੇ ਰੰਧਾਵਾ ਪ੍ਰਵਾਰ 'ਚ ਕਦੀ ਲਾਲਚ ਨਹੀਂ ਰਿਹਾ
ਚੰਡੀਗੜ੍ਹ, 20 ਸਤੰਬਰ (ਗੁਰਉਪਦੇਸ਼ ਭੁੱਲਰ): ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਹਾਈ ਕਮਾਨ ਵਲੋਂ ਮੁੱਖ ਮੰਤਰੀ ਬਣਾਏ ਜਾਣ ਬਾਰੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਮੇਰਾ ਭਰਾ ਹੈ ਤੇ ਹਾਈ ਕਮਾਨ ਦਾ ਫ਼ੈਸਲਾ ਪ੍ਰਵਾਨ ਹੈ | ਉਨ੍ਹਾਂ ਕਿਹਾ ਕਿ ਮੇਰੇ ਮਨ 'ਚ ਮੁੱਖ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਸੀ ਅਤੇ ਰੰਧਾਵਾ ਪ੍ਰਵਾਰ ਦੇ ਖ਼ੂਨ ਵਿਚ ਕਦੇ ਵੀ ਲਾਲਚ ਨਹੀਂ ਰਿਹਾ | ਉਨ੍ਹਾਂ ਕਿਹਾ ਕਿ ਸਾਡਾ ਪ੍ਰਵਾਰ ਹਮੇਸ਼ਾ ਕਾਂਗਰਸ ਨਾਲ ਖੜਾ ਰਿਹਾ ਹੈ ਅਤੇ ਕਦੇ ਪਿੱਠ ਨਹੀਂ ਵਿਖਾਈ | ਉਨ੍ਹਾਂ ਕਿਹਾ ਕਿ ਮੈਂ ਵਿਧਾਇਕਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਨਾਂ 'ਤੇ ਸਹਿਮਤੀ ਜਤਾਈ ਸੀ ਅਤੇ ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ | ਮੈਂ ਪਹਿਲਾਂ ਵੀ ਪਾਵਰ ਫੁੱਲ ਮੰਤਰੀ ਸਾਂ ਤੇ ਅੱਗੇ ਵੀ ਪਾਵਰਫੁੱਲ ਮੰਤਰੀ ਹੀ ਰਹਾਂਗਾ | ਉਨ੍ਹਾਂ ਕਿਹਾ ਕਿ ਮਾਝਾ ਐਕਸਪ੍ਰੈਸ ਨੇ ਜੋ ਮੁੱਦਿਆਂ ਦੀ ਲੜਾਈ ਸ਼ੁਰੂ ਕੀਤੀ ਸੀ, ਉਹ ਮੋਰਚਾ ਫਤਿਹ ਹੋਇਆ ਹੈ | ਰੰਧਾਵਾ ਨੇ ਕਿਹਾ ਕਿ ਭਾਵੇਂ ਬੇਅਦਬੀਆਂ ਦਾ ਮਾਮਲਾ ਹੋਵੇ, ਨਸ਼ਿਆਂ ਦਾ ਮੁੱਦਾ ਜਾਂ ਬਿਜਲੀ ਸਮਝੌਤੇ ਰੱਦ ਕਰਨ ਦਾ, ਸਰਕਾਰ ਬਣਨ ਬਾਅਦ ਇਨ੍ਹਾਂ ਉਪਰ ਕਾਰਵਾਈ ਅੱਗੇ ਵਧਾਈ ਜਾਵੇਗੀ | ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮੇਰੇ ਕੈਪਟਨ ਅਮਰਿੰਦਰ ਸਿੰਘ ਨਾਲ ਮੁੱਦਿਆਂ ਦੇ ਆਧਾਰ 'ਤੇ ਮੱਤਭੇਦ ਸਨ ਪਰ ਨਿਜੀ ਤੌਰ 'ਤੇ ਅੱਜ ਵੀ ਉਨ੍ਹਾਂ ਦਾ ਪੂਰਾ ਸਤਿਕਾਰ ਕਰਦਾ ਹਾਂ |