
ਅਦਾਲਤ ਨੇ ਮੁਲਜ਼ਮ ਮਨਜੀਤ ਕੌਰ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਜਾਰੀ
ਚੰਡੀਗੜ੍ਹ- ਸੈਕਟਰ-51 ਦੀ ਰਹਿਣ ਵਾਲੀ ਮਨਜੀਤ ਕੌਰ ਨੂੰ ਚੈੱਕ ਬਾਊਂਸ ਕੇਸ ਵਿਚ ਜ਼ਿਲ੍ਹਾ ਅਦਾਲਤ ਨੇ ਇਕ ਸਾਲ ਦੀ ਸਜ਼ਾ ਸੁਣਾਈ ਹੈ। ਇਸ ਔਰਤ ਨੇ ਆਪਣੇ ਆਪ ਨੂੰ ਤਤਕਾਲੀ ਰਾਜਪਾਲ ਅਤੇ ਪ੍ਰਸ਼ਾਸਕ ਦੀ ਜਾਣਕਾਰ ਦੱਸ ਕੇ ਕਰੋੜਾਂ ਦੀ ਠੱਗੀ ਮਾਰੀ।
ਅਦਾਲਤ ਨੇ ਮੁਲਜ਼ਮ ਮਨਜੀਤ ਕੌਰ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਮਨਜੀਤ ਕੌਰ ’ਤੇ ਧੋਖਾਧੜੀ ਅਤੇ ਚੈੱਕ ਬਾਊਂਸ ਦੇ ਕਈ ਮਾਮਲੇ ਅਦਾਲਤ ਵਿਚ ਚੱਲ ਰਹੇ ਹਨ ਅਤੇ ਉਹ ਬੁੜੈਲ ਜੇਲ ਵਿਚ ਬੰਦ ਹੈ।
ਪੁਲਿਸ ਅਨੁਸਾਰ ਸ਼ਿਕਾਇਤਕਰਤਾ ਭਗੀਰਥ ਸ਼ਰਮਾ ਨੇ ਦੱਸਿਆ ਕਿ ਉਸ ਦੀ ਮੁਲਾਕਾਤ ਸੈਕਟਰ-51 ਦੀ ਰਹਿਣ ਵਾਲੀ ਮਨਜੀਤ ਕੌਰ ਨਾਲ ਹੋਈ ਸੀ। ਉਸ ਨੇ ਪੰਜਾਬ ਦੇ ਤਤਕਾਲੀ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ ਸਿੰਘ ਬਦਨੌਰ ਦੇ ਨਜ਼ਦੀਕੀ ਹੋਣ ਦੇ ਨਾਲ-ਨਾਲ ਹਾਊਸਿੰਗ ਬੋਰਡ ਅਲਾਟਮੈਂਟ ਕਮੇਟੀ ਦੇ ਮੈਂਬਰ ਸਨ। ਮਨਜੀਤ ਕੌਰ ਲੋਕਾਂ ਨੂੰ ਝਾਂਸੇ ਵਿਚ ਲੈਣ ਲਈ ਕਹਿੰਦੀ ਸੀ ਕਿ ਅਲਾਟਮੈਂਟ ਦੀ ਪ੍ਰਕਿਰਿਆ ਉਸ ਦੇ ਹੱਥਾਂ ਵਿਚ ਹੈ ਅਤੇ ਰਾਜਪਾਲ ਤੋਂ ਆਗਿਆ ਲਈ ਗਈ ਹੈ।
ਉਸ ਨੂੰ ਸੈਕਟਰ-51 ਵਿਚ ਫਲੈਟ ਅਤੇ ਬੂਥ ਅਲਾਟ ਕਰਨ ਦਾ ਵਾਅਦਾ ਕੀਤਾ ਗਿਆ ਸੀ। ਫ਼ਰਬਰੀ 2020 ਵਿਚ ਔਰਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਖਾਤੇ ਵਿਚ 55 ਲੱਖ ਰੁਪਏ ਜਮ੍ਹਾ ਕਰਵਾਏ ਗਏ ਪਰ ਕੰਮ ਨਾ ਹੋਣ ’ਤੇ ਉਹ ਪੈਸੇ ਦੇਣ ਤੋਂ ਇਨਕਾਰ ਕਰਨ ਲੱਗੇ।
ਮੁਲਜ਼ਮ ਮਨਜੀਤ ਨੇ ਔਰਤ ਨੂੰ 27 ਲੱਖ ਵਾਪਸ ਕਰ ਦਿੱਤੇ ਪਰ 28 ਲੱਖ ਦੇਣ ਤੋਂ ਇਨਕਾਰ ਕਰ ਦਿੱਤਾ। ਸੈਕਟਰ-49 ਥਾਣੇ ਦੀ ਪੁਲਿਸ ਨੇ ਭਗੀਰਥ ਦੀ ਸ਼ਿਕਾਇਤ ’ਤੇ ਮੁਲਜ਼ਮ ਮਨਜੀਤ ਕੌਰ ਖ਼ਿਲਾਫ਼ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।