
ਤਸੱਲੀਬਖ਼ਸ਼ ਨਹੀਂ ਮਿਲ ਰਹੇ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਤੀਜੇ
ਚੰਡੀਗੜ੍ਹ: ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਸਹੀ ਪ੍ਰਬੰਧਨ ਲਈ ਮਸ਼ੀਨਾਂ ਅਤੇ ਜਾਗਰੂਕਤਾ ਮੁਹਿੰਮਾਂ 'ਤੇ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ, ਪੰਜਾਬ ਦਾ ਹਵਾ ਗੁਣਵੱਤਾ ਸੂਚਕ ਅੰਕ (AQI) ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਵਿਗੜਦਾ ਹੀ ਜਾ ਰਿਹਾ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਛੱਡ ਕੇ, ਜਿਸ ਵਿੱਚ ਘੱਟ ਗੁਣਵੱਤਾ ਵਾਲੀ ਹਵਾ ਨਾਲ ਭਰੇ ਦਿਨਾਂ ਵਿੱਚ ਮਾਮੂਲੀ ਕਮੀ ਆਈ ਹੈ, ਲੁਧਿਆਣਾ, ਮੰਡੀ ਗੋਬਿੰਦਗੜ੍ਹ, ਪਟਿਆਲਾ, ਜਲੰਧਰ ਅਤੇ ਖੰਨਾ ਸਮੇਤ ਹੋਰ ਸਾਰੇ ਵੱਡੇ ਸ਼ਹਿਰਾਂ ਵਿੱਚ 2018 ਤੋਂ 2021 ਤੱਕ, ਘੱਟ ਗੁਣਵੱਤਾ ਵਾਲੀ ਹਵਾ ਵਾਲੇ ਦਿਨਾਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੀ ਇੱਕ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਛੇ ਸ਼ਹਿਰਾਂ ਦੀ ਹਵਾ ਗੁਣਵੱਤਾ ਗੰਭੀਰ ਹਾਲਾਤਾਂ ਵਿੱਚ ਸਾਹਮਣੇ ਆਈ, ਅਤੇ ਇਸ ਮਾਮਲੇ 'ਚ 2021 ਸਭ ਤੋਂ ਖ਼ਰਾਬ ਸਾਲ ਰਿਹਾ। ਛੇ ਸ਼ਹਿਰਾਂ ਦੀ ਹਾਵ ਗੁਣਵੱਤਾ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ, ਜਿਹਨਾਂ ਤਹਿਤ ਸ਼੍ਰੇਣੀ A ਵਿੱਚ ਚੰਗਾ, ਤਸੱਲੀਬਖਸ਼ ਅਤੇ ਮੱਧਮ ਰੱਖਿਆ ਗਿਆ, ਅਤੇ B ਵਿੱਚ ਮਾੜਾ, ਬਹੁਤ ਮਾੜਾ ਅਤੇ ਗੰਭੀਰ ਰੱਖਿਆ ਗਿਆ।
ਪੰਜਾਬ ਅੰਦਰ ਪਹਿਲੇ ਛੇ ਮਹੀਨਿਆਂ ਵਿੱਚ ਹਵਾ ਦੀ ਔਸਤ ਗੁਣਵੱਤਾ ਆਮ ਤੌਰ 'ਤੇ ਸੰਤੋਸ਼ਜਨਕ ਅਤੇ ਦਰਮਿਆਨੀ ਦਰਜ ਕੀਤੀ ਗਈ ਹੈ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਲਗਾਏ ਜਾਣ ਵਾਲੀ ਅੱਗ ਅਤੇ ਧੂੜ ਭਰੇ ਤੂਫ਼ਾਨਾਂ ਕਾਰਨ ਹਵਾ ਦੀ ਗੁਣਵੱਤਾ ਖ਼ਰਾਬ ਜਾਂ ਗੰਭੀਰ ਹੋ ਜਾਂਦੀ ਹੈ।
ਵਾਤਾਵਰਣ ਮੰਤਰਾਲਾ ਵੱਲੋਂ 6 ਅਪ੍ਰੈਲ, 2018 ਨੂੰ ਲੋਕ ਸਭਾ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਮਹਾਰਾਸ਼ਟਰ (17) ਅਤੇ ਯੂਪੀ (15) ਤੋਂ ਬਾਅਦ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਾਲੀ ਸੂਚੀ ਵਿੱਚ ਪੰਜਾਬ ਤੀਜੇ ਸਥਾਨ 'ਤੇ ਹੈ। ਪੰਜਾਬ ਦੇ ਅੱਠ ਸ਼ਹਿਰ- ਖੰਨਾ, ਲੁਧਿਆਣਾ, ਡੇਰਾਬੱਸੀ, ਮੰਡੀ ਗੋਬਿੰਦਗੜ੍ਹ, ਜਲੰਧਰ, ਨਿਆ ਨੰਗਲ, ਪਠਾਨਕੋਟ ਅਤੇ ਪਟਿਆਲਾ ਦੇ ਨਾਂਅ ਹਵਾ ਗੁਣਵੱਤਾ ਮਾਮਲੇ 'ਚ ਸਭ ਤੋਂ ਖ਼ਰਾਬ ਹਾਲਾਤਾਂ ਵਾਲੇ ਸ਼ਹਿਰਾਂ 'ਚ ਸ਼ਾਮਲ ਹਨ।