
Punjab News: ਮ੍ਰਿਤਕਾ ਜਸਪ੍ਰੀਤ ਕੌਰ ਦਾ ਪਿਛਲੇ ਮਹੀਨੇ ਹੋਇਆ ਸੀ ਵਿਆਹ
Punjab News: ਨੇੜਲੇ ਪਿੰਡ ਨਰਾਇਣਗੜ੍ਹ ਸੋਹੀਆਂ ਵਿਖੇ ਇਕ ਪਤੀ ਵਲੋਂ ਅਪਣੀ ਨਵ-ਵਿਆਹੀ ਪਤਨੀ ਦੇ ਗਲ ਵਿਚ ਪੇਚਕਸ ਮਾਰ ਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦਾ 24 ਦਿਨ ਪਹਿਲਾਂ ਹੀ ਚਾਵਾਂ ਨਾਲ ਮਾਪਿਆਂ ਵਲੋਂ ਵਿਆਹ ਕੀਤਾ ਗਿਆ ਸੀ।
ਮ੍ਰਿਤਕਾ ਜਸਪ੍ਰੀਤ ਕੌਰ ਦੇ ਵੱਡੇ ਭਰਾ ਅੰਮ੍ਰਿਤਪਾਲ ਸਿੰਘ ਨੇ ਦਸਿਆ ਕਿ ਮ੍ਰਿਤਕ ਜਸਪ੍ਰੀਤ ਕੌਰ (22) ਪੁੱਤਰੀ ਅਜਮੇਰ ਸਿੰਘ ਵਾਸੀ ਪਿੰਡ ਲੱਖਾ (ਜ਼ਿਲ੍ਹਾ ਲੁਧਿਆਣਾ) ਦਾ ਪਿੰਡ ਨਰਾਇਣਗੜ੍ਹ ਸੋਹੀਆਂ ਦੇ ਰਹਿਣ ਵਾਲੇ ਹਰਮਨਪ੍ਰੀਤ ਸਿੰਘ ਪੁੱਤਰ ਰਾਜਾ ਸਿੰਘ ਨਾਲ 24 ਦਿਨ ਪਹਿਲਾਂ ਹੀ 25 ਅਗੱਸਤ 2024 ਨੂੰ ਚਾਵਾਂ ਨਾਲ ਵਿਆਹ ਕੀਤਾ ਸੀ। ਵਿਆਹ ’ਤੇ 20 ਲੱਖ ਰੁਪਏ ਦਾ ਖ਼ਰਚਾ ਵੀ ਕੀਤਾ ਸੀ।
ਮ੍ਰਿਤਕ ਜਸਪ੍ਰੀਤ ਕੌਰ ਆਈਲੈਟਸ ਪਾਸ ਹੋਣ ਕਾਰਨ ਵਿਦੇਸ਼ ਜਾਣ ਲਈ ਉਸ ਦਾ ਕੈਨੇਡਾ ਦਾ ਵੀਜ਼ਾ ਵੀ ਆ ਚੁਕਿਆ ਸੀ ਪਰ ਲੰਘੀ ਰਾਤ ਹਰਮਨਪ੍ਰੀਤ ਨੇ ਉਨ੍ਹਾਂ ਦੀ ਇਕਲੋਤੀ ਧੀ ਦੇ ਗਲ ਵਿਚ ਪੇਚਕਸ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿਤਾ। ਪੀੜਤ ਪ੍ਰਵਾਰਕ ਮੈਂਬਰਾਂ ਨੇ ਇਨਸਾਫ਼ ਦੀ ਗੁਹਾਰ ਲਾਉਂਦਿਆਂ ਕਿਹਾ ਕਿ ਮ੍ਰਿਤਕ ਜਸਪ੍ਰੀਤ ਕੌਰ ਦਾ ਕਤਲ ਕਰਨ ਵਾਲੇ ਉਸ ਦੇ ਪਤੀ ਸਮੇਤ ਪ੍ਰਵਾਰਕ ਮੈਂਬਰਾਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸਬ ਡਿਵੀਜ਼ਨ ਮਹਿਲ ਕਲਾਂ ਦੇ ਡੀਐਸਪੀ ਸੁਬੇਗ ਸਿੰਘ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਫ਼ੋਰੈਂਸਿਕ ਟੀਮਾਂ ਰਾਹੀਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਜਸਪ੍ਰੀਤ ਕੌਰ ਦੇ ਸੁਹਰਾ ਪ੍ਰਵਾਰ ’ਚੋਂ ਪਤੀ ਹਰਮਨਪ੍ਰੀਤ ਸਿੰਘ, ਸੱਸ ਗੁਰਮੀਤ ਕੌਰ, ਸਹੁਰਾ ਰਾਜਾ ਸਿੰਘ ਅਤੇ ਹਰਮਨਪ੍ਰੀਤ ਦੇ ਤਾਏ ਦੀ ਲੜਕੀ ਸੁੱਖ ਕੌਰ ਵਿਰੁਧ ਪੁਲਿਸ ਥਾਣਾ ਟੱਲੇਵਾਲ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।