 
          	ਐਨਡੀਪੀ ਆਗੂ ਜਗਮੀਤ ਸਿੰਘ ਦੀ ਕਾਰਗ਼ੁਜ਼ਾਰੀ 'ਚ ਵਾਧਾ ਦਰਜ ਹੋਣ ਮਗਰੋਂ ਉਹ 'ਕਿੰਗ ਮੇਕਰ' ਦੀ ਭੂਮਿਕਾ 'ਚ ਆ ਗਏ ਮੰਨੇ ਜਾਂਦੇ ਹਨ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਭਲਕੇ ਭਾਵ ਸੋਮਵਾਰ ਨੂੰ ਕੈਨੇਡਾ ਦੀ 43ਵੀਂ ਸੰਸਦ ਦੀ ਚੋਣ ਵਾਸਤੇ ਵੋਟਿੰਗ ਦੀ ਤਿਆਰੀ ਪੂਰੀ ਹੋ ਗਈ ਹੈ। ਦੇਸ਼ ਦੇ ਸਾਰੇ 6 ਜ਼ੋਨਾਂ 'ਚ ਵੋਟਾਂ ਪਾਉਣ ਦਾ ਸਮਾਂ ਇਕੋ ਜਿਹਾ ਰਹੇਗਾ। ਬ੍ਰਿਟਿਸ਼ ਕੋਲੰਬੀਆ 'ਚ ਇਹ ਸਮਾਂ ਸਵੇਰੇ 7 ਤੋਂ ਸ਼ਾਮ 7 ਵਜੇ ਤਕ, ਐਲਬਰਟਾ ਤੇ ਸੈਸਕੈਚੇਵਾਨ 'ਚ ਸਵੇਰੇ ਸਾਢੇ 7 ਤੋਂ ਸ਼ਾਮ ਸਾਢੇ 7 ਵਜੇ, ਓਂਟੈਰੀਓ 'ਚ ਸਵੇਰੇ ਸਾਢੇ 9 ਤੋਂ ਰਾਤ ਸਾਢੇ 9 ਵਜੇ ਤਕ ਵੋਟਾਂ ਪਾਉਣ ਦਾ ਸਿਲਸਿਲਾ ਜਾਰੀ ਰਹੇਗਾ।
ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਤੇ ਅੱਧੀ ਰਾਤ ਤਕ ਸਥਿਤੀ ਸਪੱਸ਼ਟ ਹੋ ਜਾਣ ਦੀ ਸੰਭਾਵਨਾ ਹੈ। ਨਿਯਮਾਂ ਮੁਤਾਬਕ 11 ਤੋਂ 14 ਅਕਤੂਬਰ ਤਕ ਐਡਵਾਂਸ ਵੋਟਿੰਗ ਦੌਰਾਨ 47 ਲੱਖ ਦੇਸ਼ ਵਾਸੀਆਂ ਨੇ ਅਪਣੇ ਅਧਿਕਾਰ ਦੀ ਵਰਤੋਂ ਕਰ ਲਈ ਹੈ। ਵੱਖ-ਵੱਖ ਪਾਰਟੀਆਂ 'ਚ ਭਾਰਤੀ ਮੂਲ ਦੇ ਉਮੀਦਵਾਰ ਕਈ ਉਮੀਦਵਾਰ ਚੋਣ ਮੈਦਾਨ 'ਚ ਹਨ ਤੇ ਇਨ੍ਹਾਂ ਵਿਚ ਜ਼ਿਆਦਾਤਰ ਪੰਜਾਬੀ ਹਨ। ਚੋਣ ਸਰਵੇਖਣਾਂ 'ਚ ਕਿਸੇ ਵੀ ਪਾਰਟੀ ਨੂੰ ਬਹੁਮਤ ਮਿਲਦਾ ਨਹੀਂ ਜਾਪਦਾ। ਮਿਲੀ-ਜੁਲੀ ਸਰਕਾਰ ਬਣਨ ਦੀ ਸੰਭਾਵਨਾ ਹੈ।
ਐਨਡੀਪੀ ਆਗੂ ਜਗਮੀਤ ਸਿੰਘ ਦੀ ਕਾਰਗ਼ੁਜ਼ਾਰੀ 'ਚ ਵਾਧਾ ਦਰਜ ਹੋਣ ਮਗਰੋਂ ਉਹ 'ਕਿੰਗ ਮੇਕਰ' ਦੀ ਭੂਮਿਕਾ 'ਚ ਆ ਗਏ ਮੰਨੇ ਜਾਂਦੇ ਹਨ। ਇਨ੍ਹਾਂ ਚੋਣਾਂ ਵਿਚ ਜੋ ਮਜ਼ੇ ਦੀ ਗੱਲ ਹੈ ਉਹ ਇਹ ਹੈ ਕਿ ਪੰਜਾਬੀਆਂ ਦਾ ਦਾਬਾ ਹੈ। ਪੰਜਾਬ ਸਣੇ ਦੱਖਣੀ ਏਸ਼ੀਆ ਦੇ ਕੁੱਲ 99 ਉਮੀਦਵਾਰਾਂ 'ਚੋਂ 60 ਦੇ ਕਰੀਬ ਪੰਜਾਬੀ ਉਮੀਦਵਾਰ ਹਨ, ਜਿਨ੍ਹਾਂ 'ਚੋਂ 18 ਦੇ ਕਰੀਬ ਪੰਜਾਬਣਾਂ ਹਨ। ਕਈਆਂ ਪੰਜਾਬੀਆਂ ਤੇ ਪੰਜਾਬਣਾਂ ਵਿਚਾਲੇ ਤਾਂ ਸਿੱਧਾ ਆਪਸੀ ਮੁਕਾਬਲਾ ਹੈ। ਇਸ ਦਾ ਭਾਵ ਇਹ ਹੈ ਕਿ ਕੈਨੇਡਾ ਚੋਣਾਂ 'ਚ ਪੰਜਾਬੀਆਂ ਦੀ ਚੜ੍ਹਾਈ ਹੈ ਤੇ ਉਹ ਜਿਸ ਪਾਰਟੀ ਵਲ ਝੁਕਣਗੇ, ਉਸ ਦੇ ਮੁਖੀ ਸਿਰ ਹੀ ਤਾਜ ਸਜੇਗਾ।
ਉਧਰ ਦੇਸ਼ 'ਚ ਕਈ ਤਰ੍ਹਾਂ ਦੇ ਸਰਵੇਖਣ ਵੀ ਸਾਹਮਣੇ ਆ ਰਹੇ ਹਨ ਪਰ ਸਾਰਿਆਂ ਵਿਚ ਕੰਜ਼ਰਵੇਟਿਵ ਪਾਰਟੀ ਦੀ ਸਰਦਾਰੀ ਦਰਸਾਈ ਜਾ ਰਹੀ ਹੈ। ਇਨਸਾਈਟਸ ਵੈਸਟ ਵਲੋਂ 13 ਤੋਂ 16 ਅਕਤੂਬਰ ਤਕ ਆਨਲਾਈਨ ਕਰਵਾਏ ਗਏ ਇਸ ਸਰਵੇਖਣ ਵਿਚ ਬੀ.ਸੀ. ਵਿਚ ਰਹਿੰਦੇ 1670 ਬਾਲਗ਼ਾਂ ਨੂੰ ਪੁੱਛਿਆ ਗਿਆ ਸੀ ਕਿ ਜੇ ਉਨ੍ਹਾਂ ਨੂੰ ਅੱਜ ਵੋਟ ਪਾਉਣ ਲਈ ਕਿਹਾ ਜਾਵੇ ਤਾਂ ਉਹ ਅਪਣੇ ਹਲਕੇ ਵਿਚ ਕਿਸ ਨੂੰ ਵੋਟ ਪਾਉਣਗੇ? ਜੇ ਉਨ੍ਹਾਂ ਨੇ ਅਡਵਾਂਸ ਪੋਲਿੰਗ ਦੌਰਾਨ ਜਾਂ ਡਾਕ ਰਾਹੀਂ ਅਪਣੀ ਵੋਟ ਪੋਲ ਕਰ ਦਿਤੀ ਸੀ ਤਾਂ ਉਨ੍ਹਾਂ ਕਿਸ ਪਾਰਟੀ ਨੂੰ ਵੋਟ ਪਾਈ ਸੀ?
ਸਰਵੇਖਣ ਅਨੁਸਾਰ ਐਨਡੀਪੀ ਨੇ ਬੀ.ਸੀ. ਵਿਚ ਲਿਬਰਲਾਂ ਨੂੰ ਦੂਜੇ ਸਥਾਨ ਤੋਂ ਤੀਜੇ ਸਥਾਨ 'ਤੇ ਧੱਕ ਦਿਤਾ ਹੈ। ਐਨਡੀਪੀ ਨੂੰ ਇਸ ਸਰਵੇਖਣ ਵਿਚ 23 ਫ਼ੀ ਸਦੀ ਵੋਟਰਾਂ ਦਾ ਸਮਰਥਨ ਮਿਲਿਆ ਹੈ ਜਦਕਿ ਸਤੰਬਰ ਦੇ ਅੱਧ ਵਿਚ ਕਰਵਾਏ ਇਨਸਾਈਟਸ ਵੈਸਟ ਦੇ ਪਹਿਲੇ ਮਤਦਾਨ ਵਿਚ ਇਹ ਸਮਰਥਨ 14 ਪ੍ਰਤੀਸ਼ਤ ਤੋਂ ਵੱਧ ਸੀ। ਸਰਵੇਖਣ ਵਿਚ ਕਿਹਾ ਗਿਆ ਹੈ ਕਿ ਕੰਜ਼ਰਵੇਟਿਵ ਪਾਰਟੀ ਦੀ ਲੀਡ ਅਜੇ ਵੀ ਸੂਬੇ ਵਿਚ ਬਰਕਰਾਰ ਹੈ ਅਤੇ ਇਸ ਨੂੰ 27 ਫ਼ੀ ਸਦੀ ਵੋਟਰਾਂ ਦੀ ਹਮਾਇਤ ਹੈ।
ਤੀਜੇ ਸਥਾਨ 'ਤੇ ਆ ਚੁੱਕੀ ਲਿਬਰਲ ਪਾਰਟੀ ਦੇ ਹਮਾਇਤੀਆਂ ਦੀ ਗਿਣਤੀ ਹੁਣ 20 ਫ਼ੀ ਸਦੀ ਹੈ ਜਦਕਿ ਸਤੰਬਰ ਦੇ ਅੱਧ ਵਿਚ ਇਹ ਪਾਰਟੀ 19 ਫ਼ੀ ਸਦੀ ਨਾਲ ਸੂਬੇ ਵਿਚ ਦੂਜੇ ਨੰਬਰ 'ਤੇ ਸੀ। ਗ੍ਰੀਨ ਪਾਰਟੀ ਦਾ ਸਮਰਥਨ ਸਤੰਬਰ ਦੇ ਅੱਧ ਵਿਚ 14 ਫ਼ੀ ਸਦੀ ਸੀ ਪਰ ਹੁਣ ਘਟ ਕੇ 11 ਫ਼ੀ ਸਦੀ ਰਹਿ ਗਿਆ ਹੈ। ਇਹ ਸਰਵੇਖਣ ਇਨਸਾਈਟਸ ਵੈਸਟ ਦੀ ਚੋਣ ਮੁਹਿੰਮ ਦਾ ਤੀਜਾ ਅਤੇ ਆਖ਼ਰੀ ਮਤਦਾਨ ਸੀ।
ਇਸ ਖੋਜ ਕੰਪਨੀ ਨੇ ਅਪਣੀ ਪਹਿਲੀ ਪੋਲ 6 ਸਤੰਬਰ ਤੋਂ 10 ਤਕ ਕਰਵਾਈ ਸੀ ਅਤੇ ਦੂਜੀ ਸਤੰਬਰ 19 ਤੋਂ 23 ਤਕ ਕੀਤੀ ਸੀ। ਕੈਨੇਡਾ 'ਚ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ ਅਤੇ ਇਮੀਗ੍ਰੇਟਸ ਤੇ ਕੌਮਾਂਤਰੀ ਵਿਦਿਆਰਥੀਆਂ ਦਾ ਮੁੱਦਾ ਹਾਵੀ ਹੋ ਰਿਹਾ ਹੈ। ਕੈਨੇਡਾ ਦੀ ਏਜੰਸੀ 'ਸੈਂਟ ਕੈਥਰੀਨ ਸਟੈਂਡਰਡ' ਦੀ ਸਰਵੇ ਰਿਪੋਰਟ ਨੇ ਮਾਮਲੇ ਨੂੰ ਹੋਰ ਵਧਾ ਦਿਤਾ ਹੈ। ਰਿਪੋਰਟ 'ਚ ਕੈਨੇਡਾ ਦੇ ਆਰਥਿਕ ਢਾਂਚੇ 'ਚ ਕੌਮਾਂਤਰੀ ਵਿਦਿਆਰਥੀਆਂ ਦੇ ਅਹਿਮ ਯੋਗਦਾਨ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਪ੍ਰਗਟਾਵੇ ਤੋਂ ਬਾਅਦ ਕੌਮਾਂਤਰੀ ਸਟੂਡੈਂਟਸ ਅਤੇ ਇਮੀਗ੍ਰੇਟਸ ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ 'ਚ ਹੜਕੰਪ ਮਚ ਗਿਆ ਹੈ।
ਇਸੇ ਲਈ ਇਨ੍ਹਾਂ ਚੋਣਾਂ 'ਚ ਕੌਮਾਂਤਰੀ ਵਿਦਿਆਰਥੀ ਵੱਡਾ ਮੁੱਦਾ ਬਣੇ ਹੋਏ ਹਨ ਤੇ ਹਰ ਪਾਰਟੀ ਇਨ੍ਹਾਂ ਨੂੰ ਖ਼ੁਸ਼ ਕਰਨ ਲਈ ਵਾਅਦੇ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਚੋਣ ਕਮਿਸ਼ਨ ਨੇ 21, ਅਕਤੂਬਰ ਨੂੰ 338 ਸੰਸਦੀ ਸੀਟਾਂ ਲਈ 2,146 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਥੇ 21 ਦੇ ਕਰੀਬ ਸਿਆਸੀ ਪਾਰਟੀਆਂ ਰਜਿਸਟਰਡ ਹਨ। ਇਨ੍ਹਾਂ ਵਿਚੋਂ ਛੇ ਵੱਡੀਆਂ ਪਾਰਟੀਆਂ ਦੀ ਚੋਣ ਮੈਦਾਨ 'ਚ ਭਰਵੀਂ ਹਾਜ਼ਰੀ ਹੈ।
ਇਹ ਪਾਰਟੀਆਂ ਹਨ- ਲਿਬਰਲ, ਕੰਜ਼ਰਵੇਟਿਵ, ਐਨ.ਡੀ.ਪੀ., ਬਲਾਕ ਕਿਉਬਿਕਵਾ, ਗਰੀਨ ਪਾਰਟੀ ਅਤੇ ਪੀਪਲਜ਼ ਪਾਰਟੀ। ਮੁਕਾਬਲਾ ਵੱਡੇ ਪੱਧਰ ਉਤੇ ਜਸਟਿਨ ਟਰੂਡੋ ਦੀ ਪਾਰਟੀ ਲਿਬਰਲ ਤੇ ਕੰਜ਼ਰਵੇਟਿਵ ਵਿਚਾਲੇ ਹੀ ਮੰਨਿਆ ਜਾ ਰਿਹਾ ਹੈ। ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਐਨ. ਡੀ. ਪੀ. ਦੇ ਜਗਮੀਤ ਸਿੰਘ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਲਿਬਰਲ ਧਿਰ ਨੂੰ ਐਨ.ਡੀ. ਪੀ. ਦਾ ਸਹਾਰਾ ਲੈਣਾ ਪੈ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।
 
                     
                
 
	                     
	                     
	                     
	                     
     
     
     
                     
                     
                     
                     
                    