
ਇਹ ਲੋਕ ਜੋ ਤੁਹਾਡੇ ਤੋਂ ਅਜਿਹੇ ਗਲਤ ਕੰਮ ਕਰਵਾ ਰਹੇ ਹਨ, ਸਪੱਸ਼ਟ ਹੈ ਕਿ ਇਹ ਪੰਜਾਬ ਦਾ ਭਲਾ ਨਹੀਂ ਚਾਹੁੰਦੇ।
ਚੰਡੀਗੜ੍ਹ - ਬੀਤੇ ਦਿਨੀਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪੀਏਯੂ ਦੇ ਵੀਸੀ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਇਹ ਨਿਯੁਕਤੀ ਗਲਤ ਤਰੀਕੇ ਨਾਲ ਕੀਤੀ ਗਈ ਹੈ। ਇਸ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਰਾਜਪਾਲ ਨੂੰ ਚਿੱਠੀ ਲਿਖ ਕੇ ਮੋੜਵਾਂ ਜਵਾਬ ਦੇ ਦਿੱਤਾ ਹੈ। ਮੁੱਖ ਮੰਤਰੀ ਨੇ ਅਪਣੇ ਪੱਤਰ ਵਿਚ ਲਿਖਿਆ ਕਿ ਮੈਨੂੰ ਰਾਜਪਾਲ ਦਾ ਪੱਤਰ ਮਿਲਿਆ। ਉਹਨਾਂ ਨੇ ਲਿਖਿਆ ਕਿ ਪੀ.ਏ.ਯੂ. ਦੇ ਵੀ.ਸੀ. ਦੀ ਨਿਯੁਕਤੀ ਗਲਤ ਤਰੀਕੇ ਨਾਲ ਕੀਤੀ ਗਈ ਹੈ, ਇਸ ਲਈ ਇਸ ਨੂੰ ਰੱਦ ਕੀਤਾ ਜਾਵੇ। ਉਹਨਾਂ ਕਿਹਾ ਕਿ ਨਿਯੁਕਤੀ ਉਹਨਾਂ ਦੀ ਮਨਜ਼ੂਰੀ ਨਾਲ ਹੋਣੀ ਚਾਹੀਦੀ ਸੀ
ਮੁੱਖ ਮੰਤਰੀ ਨੇ ਅੱਗੇ ਲਿਖਿਆ ਕਿ PAU ਦੇ vc ਦੀ ਨਿਯੁਕਤੀ ਹਰਿਆਣਾ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀਜ਼ ਐਕਟ 1970 ਤਹਿਤ ਕੀਤੀ ਜਾਂਦੀ ਹੈ। ਵੀ.ਸੀ.ਦੀ ਨਿਯੁਕਤੀ ਪੀ.ਏ.ਯੂ. ਦੇ ਬੋਰਡ ਦੁਆਰਾ ਕੀਤੀ ਜਾਂਦੀ ਹੈ। ਇਸ ਵਿਚ ਮੁੱਖ ਮੰਤਰੀ ਜਾਂ ਰਾਜਪਾਲ ਦੀ ਕੋਈ ਭੂਮਿਕਾ ਨਹੀਂ ਹੈ। ਇਸ ਤੋਂ ਪਹਿਲਾਂ ਪੀ.ਏ.ਯੂ. ਦੇ ਵੀ.ਸੀ. ਡਾ.ਬਲਦੇਵ ਸਿੰਘ ਢਿੱਲੋਂ ਸਨ। ਉਨ੍ਹਾਂ ਦੀ ਨਿਯੁਕਤੀ ਦੀ ਮਨਜ਼ੂਰੀ ਵੀ ਰਾਜਪਾਲ ਤੋਂ ਨਹੀਂ ਲਈ ਗਈ ਸੀ।
ਉਸ ਤੋਂ ਪਹਿਲਾਂ ਡਾ. ਐਮ.ਐਸ ਕੰਗ ਵੀ.ਸੀ. ਸਨ, ਜਿੰਨ੍ਹਾਂ ਦੀ ਨਿਯੁਕਤੀ ਦੀ ਮਨਜੂਰੀ ਵੀ ਰਾਜਪਾਲ ਤੋਂ ਨਹੀਂ ਲਈ ਗਈ ਸੀ। ਕਿਸੇ ਵੀ ਪਿਛਲੇ ਵੀ.ਸੀ. ਦੀ ਨਿਯੁਕਤੀ ਦੀ ਪ੍ਰਵਾਨਗੀ ਰਾਜਪਾਲ ਤੋਂ ਨਹੀਂ ਲਈ ਗਈ ਸੀ। ਇਸ ਲਈ ਡਾ.ਸਤਬੀਰ ਸਿੰਘ ਗੋਸਲ ਨੂੰ ਵੀ ਕਾਨੂੰਨ ਅਨੁਸਾਰ ਨਿਯੁਕਤ ਕੀਤਾ ਗਿਆ ਹੈ, ਜਿਵੇਂ ਕਿ ਪਹਿਲਾਂ ਹੁੰਦਾ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਡਾ. ਸਤਬੀਰ ਸਿੰਘ ਗੋਸਲ ਬਹੁਤ ਹੀ ਜਾਣੇ-ਪਛਾਣੇ ਵਿਗਿਆਨੀ ਹਨ ਅਤੇ ਉਹ ਬਹੁਤ ਹੀ ਸਤਿਕਾਰਤ ਪੰਜਾਬੀ ਸਿੱਖ ਹਨ। ਅਜਿਹੇ ਵਿਅਕਤੀ ਨੂੰ ਹਟਾਉਣ ਦੇ ਰਾਜਪਾਲ ਦੇ ਹੁਕਮਾਂ 'ਤੇ ਪੰਜਾਬੀਆਂ 'ਚ ਭਾਰੀ ਗੁੱਸਾ ਹੈ। ਉਹਨਾਂ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਪੰਜਾਬੀਆਂ ਵੱਲੋਂ ਭਾਰੀ ਬਹੁਮਤ ਨਾਲ ਚੁਣੀ ਗਈ ਸਰਕਾਰ ਦੇ ਕੰਮਾਂ ਵਿਚ ਤੁਹਾਡੇ ਵੱਲੋਂ ਵਾਰ-ਵਾਰ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਇਸ ਤੋਂ ਪੰਜਾਬ ਦੇ ਲੋਕ ਬਹੁਤ ਦੁਖੀ ਹਨ। ਪਹਿਲਾਂ ਤੁਸੀਂ ਪੰਜਾਬ ਵਿਧਾਨ ਸਭਾ ਦਾ ਇਜਲਾਸ ਬੁਲਾਉਣ ਵਿਚ ਰੁਕਾਵਟ ਪਾਈ।
ਫਿਰ ਤੁਸੀਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵੀ.ਸੀ. ਦੀ ਨਿਯੁਕਤੀ ਰੱਦ ਕਰ ਦਿੱਤੀ ਸੀ ਅਤੇ ਹੁਣ ਤੁਸੀਂ ਪੀ.ਏ.ਯੂ. ਦੇ ਵੀਸੀ ਦੀ ਨਿਯੁਕਤੀ ਰੱਦ ਕਰਨ ਦੇ ਆਦੇਸ਼ ਦਿੱਤੇ ਹਨ। ਲੋਕਾਂ ਨੇ ਬਹੁਤ ਆਸਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। ਮੈਂ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਦਿਨ-ਰਾਤ ਕੰਮ ਕਰ ਰਿਹਾ ਹਾਂ। ਅਜਿਹੇ ਵਿਚ ਜਦੋਂ ਕੋਈ ਵਿਅਕਤੀ ਲੋਕਾਂ ਦੀ ਸਰਕਾਰ ਦੇ ਕੰਮਾਂ ਵਿਚ ਰੁਕਾਵਟ ਪੈਦਾ ਕਰਦਾ ਹੈ ਤਾਂ ਲੋਕ ਬਰਦਾਸ਼ਤ ਨਹੀਂ ਕਰਦੇ।
ਮੈਂ ਤੁਹਾਨੂੰ ਕਈ ਵਾਰ ਮਿਲਿਆ ਹਾਂ। ਮੈਨੂੰ ਤੁਸੀਂ ਬਹੁਤ ਵਧੀਆ ਅਤੇ ਨੇਕ ਵਿਅਕਤੀ ਲੱਗੇ। ਤੁਸੀਂ ਅਜਿਹੇ ਕੰਮ ਆਪਣੇ ਆਪ ਨਹੀਂ ਕਰ ਸਕਦੇ। ਤੁਹਾਨੂੰ ਇਹ ਸਭ ਗਲਤ ਅਤੇ ਗੈਰ-ਸੰਵਿਧਾਨਕ ਕੰਮ ਕਰਨ ਲਈ ਕੌਣ ਆਖਦਾ ਹੈ? ਤੁਸੀਂ ਉਨ੍ਹਾਂ ਦੀ ਗੱਲ ਕਿਉਂ ਮੰਨਦੇ ਹੋ? ਉਹ ਪਿੱਠ ਪਿੱਛੇ ਰਹਿੰਦੇ ਹਨ, ਬਦਨਾਮ ਤੁਸੀਂ ਹੁੰਦੇ ਹੋ।
ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕਿਰਪਾ ਕਰਕੇ ਉਹਨਾਂ ਲੋਕਾਂ ਦੀ ਗੱਲ ਨਾ ਸੁਣੋ। ਇਹ ਲੋਕ ਜੋ ਤੁਹਾਡੇ ਤੋਂ ਅਜਿਹੇ ਗਲਤ ਕੰਮ ਕਰਵਾ ਰਹੇ ਹਨ, ਸਪੱਸ਼ਟ ਹੈ ਕਿ ਇਹ ਪੰਜਾਬ ਦਾ ਭਲਾ ਨਹੀਂ ਚਾਹੁੰਦੇ। ਕਿਰਪਾ ਕਰਕੇ ਤੁਸੀਂ ਚੁਣੀ ਹੋਈ ਸਰਕਾਰ ਨੂੰ ਆਪਣਾ ਕੰਮ ਕਰਨ ਦਿਓ।