
3 ਮਹੀਨਿਆਂ 'ਚ ਦੁੱਧ ਦੀਆਂ ਕੀਮਤਾਂ 'ਚ 4 ਰੁਪਏ ਅਤੇ ਦੇਸੀ ਘਿਓ 'ਚ 135 ਰੁਪਏ ਪ੍ਰਤੀ ਕਿਲੋ ਦਾ ਹੋਇਆ ਵਾਧਾ
ਮੁਹਾਲੀ: ਆਖਿਰ ਉਹੀ ਹੋਇਆ ਜਿਸ ਦਾ ਮਾਹਿਰ ਡਰ ਜ਼ਾਹਰ ਕਰ ਰਹੇ ਸਨ। ਤਿਉਹਾਰਾਂ ਦੇ ਸੀਜ਼ਨ 'ਚ ਲੰਪੀ ਸਕਿੱਨ ਦਾ ਅਸਰ ਡੇਅਰੀ ਉਤਪਾਦਾਂ ਖਾਸ ਕਰਕੇ ਦੁੱਧ ਅਤੇ ਘਿਓ ਦੀਆਂ ਕੀਮਤਾਂ 'ਤੇ ਸਾਫ ਦਿਖਾਈ ਦੇ ਰਿਹਾ ਹੈ। ਪਿਛਲੇ 3 ਮਹੀਨਿਆਂ 'ਚ ਦੇਸੀ ਘਿਓ ਦੀ ਕੀਮਤ 'ਚ 135 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ।
ਬਾਜ਼ਾਰ ਵਿੱਚ ਦੇਸੀ ਘਿਓ ਦੀ ਮੰਗ ਅਤੇ ਸਪਲਾਈ ਵੀ ਪ੍ਰਭਾਵਿਤ ਹੋਈ ਹੈ।
ਜੁਲਾਈ 'ਚ ਇਕ ਕਿਲੋ ਦੇਸੀ ਘਿਓ ਦੀ ਥੋਕ ਕੀਮਤ 430 ਰੁਪਏ ਸੀ, ਜੋ ਹੁਣ 565 ਰੁਪਏ 'ਤੇ ਪਹੁੰਚ ਗਈ ਹੈ। ਪ੍ਰਚੂਨ ਵਿੱਚ ਕੀਮਤ 590 ਰੁਪਏ ਤੋਂ 650 ਰੁਪਏ ਤੱਕ ਹੈ। ਹਾਲ ਹੀ 'ਚ ਦੁੱਧ ਦੀ ਕੀਮਤ 'ਚ ਵੀ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਦੁੱਧ ਅਤੇ ਘਿਓ ਦੇ ਮਹਿੰਗੇ ਹੋਣ ਕਾਰਨ ਇਸ ਵਾਰ ਘਿਓ ਤੋਂ ਬਣੀਆਂ ਮਠਿਆਈਆਂ ਅਤੇ ਹੋਰ ਵਸਤਾਂ ਦੀਆਂ ਕੀਮਤਾਂ ਵਿੱਚ ਵੀ 20 ਤੋਂ 30 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ।
ਵਰਨਣਯੋਗ ਹੈ ਕਿ ਪੰਜਾਬ ਵਿੱਚ 50,000 ਗਾਵਾਂ ਲੰਪੀ ਕਾਰਨ ਮਰ ਚੁੱਕੀਆਂ ਹਨ। ਰੋਜ਼ਾਨਾ 35 ਲੱਖ ਲੀਟਰ ਦੁੱਧ ਦਾ ਉਤਪਾਦਨ ਵੀ ਘਟਿਆ ਹੈ। ਮਜ਼ਦੂਰੀ, ਢੋਆ-ਢੁਆਈ ਅਤੇ ਚਾਰੇ 'ਤੇ ਖਰਚਾ ਵੀ ਵਧਿਆ ਹੈ। ਪੰਜਾਬ ਵਿੱਚ ਦੁੱਧ ਦਾ ਉਤਪਾਦਨ 2012 ਤੋਂ 2019 ਤੱਕ ਲਗਾਤਾਰ ਵਧਿਆ ਪਰ ਉਸ ਤੋਂ ਬਾਅਦ ਇਹ ਘਟਣਾ ਸ਼ੁਰੂ ਹੋ ਗਿਆ। ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੇ ਅਨੁਸਾਰ, ਪੰਜਾਬ ਨੇ 2021 ਵਿੱਚ 345 ਲੱਖ ਲੀਟਰ ਪ੍ਰਤੀ ਦਿਨ ਦੁੱਧ ਦਾ ਉਤਪਾਦਨ ਕੀਤਾ, ਜੋ ਕਿ 2022 ਵਿੱਚ ਘੱਟ ਕੇ 310 ਲੱਖ ਲੀਟਰ ਰਹਿ ਗਿਆ ਹੈ।
ਇਸ ਦਾ ਅਸਰ ਡੇਅਰੀ ਉਤਪਾਦਾਂ ਦੀਆਂ ਕੀਮਤਾਂ 'ਤੇ ਸਾਫ਼ ਦੇਖਿਆ ਜਾ ਸਕਦਾ ਹੈ। 2019 ਤੱਕ, ਪੰਜਾਬ ਵਿੱਚ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਸਭ ਤੋਂ ਵੱਧ 1181 ਗ੍ਰਾਮ ਪ੍ਰਤੀ ਦਿਨ ਸੀ। ਹੁਣ ਇਹ 70 ਤੋਂ 80 ਗ੍ਰਾਮ ਤੱਕ ਆ ਗਿਆ ਹੈ।