
ਹਰਵੀਰ ਨੇ ਮਨਜਿੰਦਰ ਕੌਰ ਨੂੰ ਵਿਦੇਸ਼ ਭੇਜਣ ਲਈ ਆਪਣੇ ਖ਼ਰਚੇ ’ਤੇ ਖੰਨਾ ਵਿਖੇ ਆਈਲੈਟਸ ਵੀ ਕਰਵਾਈ
ਪਾਇਲ: ਪ੍ਰੇਮਿਕਾ ਵੱਲੋਂ ਵਿਆਹ ਕਰਵਾਉਣ ਤੋਂ ਮਨ੍ਹਾਂ ਕਰਨ ਅਤੇ ਪੈਸੇ ਵਾਪਸ ਨਾ ਦੇਣ ਤੋਂ ਪਰੇਸ਼ਾਨ ਹੋਏ ਨੌਜਵਾਨ ਵਲੋਂ ਕੋਈ ਖ਼ੁਦਕਸ਼ੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਥਾਣਾ ਪਾਇਲ ਪੁਲਿਸ ਨੇ ਮਾਮਲੇ ’ਚ ਮ੍ਰਿਤਕ ਨੌਜਵਾਨ ਦੀ ਪ੍ਰੇਮਿਕਾ ਨੂੰ ਨਾਮਜ਼ਦ ਕਰ ਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸ਼ਿਕਾਇਤਕਰਤਾ ਜਰਨੈਲ ਸਿੰਘ ਪੁੱਤਰ ਨਿਰਮਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਸਦਾ ਵੱਡਾ ਪੁੱਤਰ ਹਰਵੀਰ ਸਿੰਘ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ। ਉਸ ਦੀ ਮਨਜਿੰਦਰ ਕੌਰ ਉਰਫ਼ ਰੂਬੀ ਪੁੱਤਰੀ ਹਰਜੀਤ ਸਿੰਘ ਵਾਸੀ ਪਿੰਡ ਹਰਿਓਂ ਨਾਲ ਪਿਛਲੇ ਕਰੀਬ 1 ਸਾਲ ਤੋਂ ਦੋਸਤੀ ਸੀ।
ਹਰਵੀਰ ਨੇ ਮਨਜਿੰਦਰ ਕੌਰ ਨੂੰ ਵਿਦੇਸ਼ ਭੇਜਣ ਲਈ ਆਪਣੇ ਖ਼ਰਚੇ ’ਤੇ ਖੰਨਾ ਵਿਖੇ ਆਈਲੈਟਸ ਵੀ ਕਰਵਾਈ ਸੀ। ਇਸ ਦੌਰਾਨ ਮਨਜਿੰਦਰ ਕੌਰ ਉਸ ਦੇ ਪੁੱਤਰ ਨੂੰ ਵਿਆਹ ਕਰਵਾਉਣ ਲਈ ਕਹਿੰਦੀ ਸੀ। ਹਰਵੀਰ ਸਿੰਘ ਨੇ ਪਰਿਵਾਰ ’ਚ ਗੱਲ ਕਰ ਕੇ ਮਨਜਿੰਦਰ ਕੌਰ ਨੂੰ ਵਿਆਹ ਕਰਾਉਣ ਲਈ ਕਿਹਾ ਤਾਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ। ਬਾਅਦ 'ਚ ਹਰਵੀਰ ਸਿੰਘ ਨੇ ਜਦੋਂ ਮਨਜਿੰਦਰ ਕੌਰ ਤੋਂ ਉਸ 'ਤੇ ਖ਼ਰਚ ਕੀਤੇ ਅਤੇ ਉਧਾਰ ਦਿੱਤੇ ਪੈਸੇ ਵਾਪਸ ਮੰਗੇ ਤਾਂ ਉਸ ਨੇ ਉਸ ਦੀ ਬੇਇੱਜ਼ਤੀ ਕੀਤੀ ਅਤੇ ਪੈਸੇ ਵੀ ਵਾਪਸ ਨਹੀਂ ਦਿੱਤੇ।
ਇਸ ਤੋਂ ਬਾਅਦ ਹਰਵੀਰ ਆਪਣੇ ਹੋਸ਼-ਹਵਾਸ ਹੀ ਗੁਆ ਬੈਠਾ ਅਤੇ ਲਗਾਤਾਰ ਪਰੇਸ਼ਾਨ ਰਹਿਣ ਲੱਗ ਪਿਆ। ਇਸ ਦੌਰਾਨ ਹਰਵੀਰ ਸਿੰਘ ਨੇ ਰਾਤ 11 ਵਜੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਉਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਸਹਾਇਕ ਥਾਣੇਦਾਰ ਮਸ਼ਿੰਦਰ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਦੇ ਬਿਆਨ ’ਤੇ ਉਕਤ ਕੁੜੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ।