
ਅਨਮੋਲ ਗਗਨ ਮਾਨ ਨੇ ਵਿਰੋਧੀਆਂ ਨੂੰ ਦੱਸੀ ਸਦਨ ਦੀ ਮਰਿਯਾਦਾ, ਸੈਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ
ਚੰਡੀਗੜ੍ਹ - 2 ਦਿਨਾਂ ਪੰਜਾਬ ਵਿਧਾਨ ਸਭਾ ਸੈਸ਼ਨ ਅੱਜ ਪਹਿਲੇ ਦਿਨ ਹੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਅੱਜ ਪਹਿਲੇ ਹੀ ਦਿਨ ਜ਼ੋਰਦਾਰ ਹੰਗਾਮਾ ਦੇਖਣ ਨੂੰ ਮਿਲਿਆ। ਸੈਸ਼ਨ ਨੂੰ ਵਿਰੋਧੀਆਂ ਨੇ ਗੈਰ-ਕਾਨੂੰਨੀ ਦੱਸਿਆ ਪਰ ਇਸ ਦੌਰਾਨ ਮੰਤਰੀ ਅਮਨ ਅਰੋੜਾ ਨੇ ਸੈਸ਼ਨ ਦੀ ਮਰਿਯਾਦਾ ਦੱਸਦੇ ਹੋਏ ਵਿਰੋਧੀਆਂ 'ਤੇ ਤੰਜ਼ ਕੱਸਿਆ।
ਅਮਨ ਅਰੋੜਾ ਨੇ ਵਿਰੋਧੀਆਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਰਾਜਪਾਲ ਖ਼ੁਦ ਇਸ ਨੂੰ ਗੈਰ-ਕਾਨੂੰਨੀ ਦੱਸ ਰਹੇ ਹਨ। ਅਦਾਲਤ ਫ਼ੈਸਲਾ ਕਰੇਗੀ ਕਿ ਸੈਸ਼ਨ ਕਾਨੂੰਨੀ ਹੈ ਜਾਂ ਗੈਰ-ਕਾਨੂੰਨੀ। ਰਾਜਪਾਲ ਨੂੰ ਇਸ ਮਾਮਲੇ ਵਿਚ ਸੁਪਰੀਮ ਕੋਰਟ ਦਾ ਕੋਈ ਹੁਕਮ ਦੇਣਾ ਚਾਹੀਦਾ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅਸੀਂ ਸਾਰੇ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ, ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਰਕਾਰ ਦੇ ਕੰਮ ਵਿਚ ਅੜਿੱਕਾ ਪਾ ਰਹੀਆਂ ਹਨ।
ਰਾਜਪਾਲ ਨੇ ਰਾਸ਼ਟਰਪਤੀ ਨੂੰ ਇਸ ਮਾਮਲੇ ਦੀ ਸ਼ਿਕਾਇਤ ਕਰਨ ਲਈ ਕਿਹਾ ਹੈ, ਜਿਸ 'ਤੇ ਅਮਨ ਅਰੋੜਾ ਨੇ ਕਿਹਾ ਕਿ ਜੇਕਰ ਰਾਸ਼ਟਰਪਤੀ ਕੋਲ ਸ਼ਿਕਾਇਤ ਕਰ ਕੇ ਉਨ੍ਹਾਂ ਦੀ ਹਉਮੈ ਨੂੰ ਤਸੱਲੀ ਮਿਲਦੀ ਹੈ ਤਾਂ ਉਹ ਅਜਿਹਾ ਕਰ ਸਕਦੇ ਹਨ। ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਨੂੰ ਸੈਸ਼ਨ ਕਦੋਂ ਵੀ ਬੁਲਾਉਣ ਦਾ ਅਧਿਕਾਰ ਹੈ ਪਰ ਰਾਜਪਾਲ ਇਸ ਮੁੱਦੇ 'ਤੇ ਬਹਿਸ ਨਾ ਕਰਨ।
SYL ਦੇ ਮੁੱਦੇ 'ਤੇ 'ਆਪ' ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਦੇ ਬਿਆਨ 'ਤੇ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ 'ਚ ਕੀ ਗਲਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਸਟੈਂਡ ਸਪੱਸ਼ਟ ਹੈ। ਪੰਜਾਬ ਕੋਲ ਕਿਸੇ ਨੂੰ ਦੇਣ ਲਈ ਪਾਣੀ ਨਹੀਂ ਹੈ, ਅਸੀਂ ਕਿਸੇ ਨੂੰ ਪਾਣੀ ਦੀ ਇੱਕ ਬੂੰਦ ਵੀ ਨਹੀਂ ਦੇਵਾਂਗੇ।
ਅਨਮੋਲ ਗਗਨ ਮਾਨ ਨੇ ਦਿੱਤਾ ਵਿਰੋਧੀਆਂ ਨੂੰ ਜਵਾਬ
ਵਿਰੋਧੀਆਂ ਵੱਲੋਂ ਵਿਧਾਨ ਸਭਾ ਦੇ ਸਪੀਕਰ ਨੂੰ 'ਬੋਲਾ' ਦੱਸਣ ਦੀ ਮੰਤਰੀ ਅਨਮੋਲ ਗਗਨ ਮਾਨ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਬਹੁਤ ਲੰਬਾ ਸਮਾਂ ਸਿਆਸਤ 'ਚ ਰਹੀ ਹੈ ਅਤੇ ਇਸ ਤਰ੍ਹਾਂ ਦਾ ਨਾਕਾਰਤਮਨ ਮਾਹੌਲ ਪੈਦਾ ਕਰਨਾ ਬੇਹੱਦ ਗਲਤ ਹੈ ਅਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਕੰਨ ਦੁਖਦੇ ਹਨ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂਆਂ ਨੂੰ ਸਮਾਂ ਦਿੱਤਾ ਜਾਂਦਾ ਹੈ ਅਤੇ ਉਹ ਆਰਾਮ ਨਾਲ ਆਪਣੀ ਗੱਲ ਰੱਖ ਸਕਦੇ ਹਨ ਪਰ ਸ਼ਾਇਦ ਇਹਨਾਂ ਨੇ ਸੈਸ਼ਨ ਵਿਚ ਹਿੱਸਾ ਹੀ ਨਹੀਂ ਲੈਣਾ ਹੈ। ਉਨ੍ਹਾਂ ਵਿਰੋਧੀਆਂ ਨੂੰ ਪੁੱਛਿਆ ਕਿ ਸਪੀਕਰ ਨੂੰ 'ਬੋਲਾ' ਕਹਿ ਕੇ ਬੁਲਾਉਣਾ ਕਿੰਨੀ ਕੁ ਚੰਗੀ ਗੱਲ ਹੈ? ਅਨਮੋਲ ਗਗਨ ਮਾਨ ਨੇ ਕਿਹਾ ਕਿ ਇੱਥੇ ਪੰਜਾਬ ਦੇ ਧੀਆਂ-ਪੁੱਤਾਂ ਦੇ ਮਸਲੇ ਹੱਲ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਬਾਬੇ ਨਾਨਕ ਨੇ ਮਿਹਰ ਕੀਤੀ ਤਾਂ ਪੰਜਾਬ 'ਚ ਸਭ ਕੁੱਝ ਹੋ ਜਾਣਾ ਹੈ। ਗੁੱਸੇ ਵਿਚ ਆਏ ਮੰਤਰੀ ਨੇ ਕਿਹਾ ਕਿ ਵਿਰੋਧੀਆਂ ਨੂੰ ਔਰਤਾਂ ਦੀ ਇੱਜ਼ਤ ਕਰਨੀ ਆਉਂਦੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵੱਲੋਂ ਅਜਿਹਾ ਕਰਨਾ ਬਿਲਕੁਲ ਚੰਗਾ ਨਹੀਂ ਅਤੇ ਵਿਰੋਧੀਆਂ ਵਿਚ ਸਾਡੇ ਬਹੁਤ ਹੀ ਸਤਿਕਾਰਯੋਗ ਅਤੇ ਵੱਡੇ ਆਗੂ ਹਨ, ਸਿਆਣੇ ਹਨ, ਇਸ ਲਈ ਉਨ੍ਹਾਂ ਨੂੰ ਬੈਠ ਕੇ ਸੁਣਨਾ ਚਾਹੀਦਾ ਹੈ। ਜੇਕਰ ਕੋਈ ਸਵਾਲ ਹਨ ਤਾਂ ਮਾਣ-ਇੱਜ਼ਤ ਨਾਲ ਪੁੱਛਣ ਪਰ ਇਸ ਹੰਗਾਮਾ ਕਰਨ ਦਾ ਕੋਈ ਮਤਲਬ ਨਹੀਂ ਹੈ ਇੱਥੇ ਪੰਜਾਬ ਦੇ ਮਸਲਿਆਂ 'ਤੇ ਚਰਚਾ ਚੱਲ ਰਹੀ ਹੈ।
ਕਾਂਗਰਸੀ ਆਗੂ ਪ੍ਰਗਟ ਸਿੰਘ ਨੇ ਚੁੱਕੇ ਸਵਾਲ
ਤਰਨਤਾਰਨ ਦੇ ਸਾਬਕਾ ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਦੇ ਤਬਾਦਲੇ 'ਤੇ ਵਿਧਾਇਕ ਪ੍ਰਗਟ ਸਿੰਘ ਨੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਗੁਰਮੀਤ ਚੌਹਾਨ ਆਊਟ ਸਟੈਂਡਿੰਗ ਅਫ਼ਸਰ ਹਨ। ਜੇਕਰ ਉਨ੍ਹਾਂ ਨੇ ਕਿਸੇ ਨੂੰ ਨਾਜਾਇਜ਼ ਮਾਈਨਿੰਗ ਕਰਦੇ ਫੜਿਆ ਹੈ ਤਾਂ ਇਹ ਵੱਡਾ ਮੁੱਦਾ ਹੈ। ‘ਆਪ’ ਵਿਧਾਇਕ ਦੀ ਆਮਦ ਅਤੇ ਪੁਲਿਸ ਅਧਿਕਾਰੀਆਂ ਦੀ ਮੁਅੱਤਲੀ ਸਮੇਤ ਐਸਐਸਪੀ ਦੇ ਤਬਾਦਲੇ ਕਾਰਨ ਪੁਲਿਸ ਦਾ ਮਨੋਬਲ ਡਿੱਗਿਆ ਹੈ।
ਓਧਰ ਵਿਧਾਨ ਸਭਾ ਸੈਸ਼ਨ ਦੌਰਾਨ ਅਕਾਲੀ ਆਗੂ ਮਨਪ੍ਰੀਤ ਇਆਲੀ ਨੇ ਨੀਲੇ ਕਾਰਡਾਂ ਦਾ ਮੁੱਦਾ ਚੁੱਕਿਆ। ਉਹਨਾਂ ਨੇ ਕਿਹਾ ਮਰਹੂਮ ਸਾਬਕਾ ਮੁੱਖ ਮੰਤਰੀ ਦੇ ਸਮੇਂ ਬਣਾਏ ਹੋਏ ਨੀਲੇ ਕਾਰਡ ਰੱਦ ਕੀਤੇ ਜਾ ਰਹੇ ਹਨ। ਉਹਨਾਂ ਨੇ ਯੋਗ ਵਿਅਕਤੀਆਂ ਦੇ ਦੁਬਾਰਾ ਕਾਰਡ ਬਣਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਅਕਾਲੀ ਆਗੂ ਸੁਖਵਿੰਦਰ ਸੁੱਖੀ ਨੇ ਕਿਹਾ ਕਿ ਹੜ੍ਹ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ ਤੇ ਸਰਕਾਰ ਨੂੰ ਜਲਦ ਤੋਂ ਜਲਦ ਰਹਿੰਦੇ ਮੁਆਵਜ਼ੇ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਵਿਧਾਇਕਾ ਨਰਿੰਦਰ ਕੌਰ ਭਰਾਜ ਅਪਣੇ ਨਵਜੰਮੇ ਬੱਚੇ ਨੂੰ ਲੈ ਕੇ ਵਿਧਾਨ ਸਭਾ ਦੀ ਕਾਰਵਾਈ ਵਿਚ ਹਿੱਸਾ ਲੈਣ ਪਹੁੰਚੇ।
Narinder Kaur Bharaj
ਰਾਜਾ ਵੜਿੰਗ ਨੇ ਸਦਨ ਦੌਰਾਨ ਕਿਹਾ ਕਿ ਸਰਕਾਰ ਨੇ ਟਰਾਂਸਪੋਰਟ ਮਾਫ਼ੀਆ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਅੱਜ ਵੀ ਦਿੱਲੀ ਏਅਰਪੋਰਟ ’ਤੇ ਨਿੱਜੀ ਬੱਸਾਂ ਖੜ੍ਹੀਆਂ ਹੁੰਦੀਆਂ ਹਨ।