
ਜੀ ਐਸ ਟੀ ਨਾਲ ਸਬੰਧਤ ਸੋਧ ਬਿਲਾਂ ਨੂੰ ਲੈ ਕੇ ਵੀ ਸਦਨ ਵਿਚ ਵਿਵਾਦ ਬਣ ਸਕਦਾ ਹੈ ਕਿਉਂਕਿ ਰਾਜਪਾਲ ਇਨ੍ਹਾਂ ਬਿਲਾਂ ਉਪਰ ਇਤਰਾਜ਼ ਲਾ ਚੁੱਕੇ ਹਨ।
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਐਸ.ਵਾਈ.ਐਲ ਨਹਿਰ ਦੇ ਮੁੱਦੇ ਉਪਰ ਭਖੀ ਸਿਆਸਤ ਦੇ ਚਲਦੇ ਪੰਜਾਬ ਵਿਧਾਨ ਸਭਾ ਦਾ ਦੋ ਦਿਨ ਦਾ ਸੈਸ਼ਨ 20 ਅਕਤੂਬਰ ਨੂੰ ਸ਼ੁਰੂ ਹੋ ਰਿਹਾ ਹੈ। ਵਿਰੋਧੀ ਧਿਰ ਵਲੋਂ ਵੀ ਇਸ ਸੈਸ਼ਨ ਵਿਚ ਜਿਥੇ ਸੱਤਾਧਿਰ ਨੂੰ ਘੇਰਨ ਦੀ ਖ਼ਾਸ ਰਣਨੀਤੀ ਬਣਾਈ ਗਈ ਹੈ, ਉਥੇ ਦੂਜੇ ਪਾਸੇ ਸੱਤਾਧਿਰ ਵਲੋਂ ਵੀ ਵਿਰੋਧੀਆਂ ਦੇ ਤਿੱਖੇ ਹਮਲਿਆਂ ਦਾ ਸਾਹਮਣਾ ਕਰਨ ਲਈ ਪੂਰੀ ਤਿਆਰੀ ਕਰ ਲਈ ਗਈ ਹੈ।
ਜ਼ਿਕਰਯੋਗ ਹੈ ਕਿ ਰਾਜਪਾਲ ਨੇ ਇਸ ਸੈਸ਼ਨ ਨੂੰ ਵੀ ਗ਼ੈਰ ਕਾਨੂੰਨੀ ਐਲਾਨਿਆ ਹੋਇਆ ਹੈ ਪਰ ਸਰਕਾਰ ਨੇ ਇਸ ਨੂੰ ਪੂਰੀ ਤਰ੍ਹਾਂ ਕਾਨੂੰਨੀ ਦਸ ਕੇ ਸੈਸ਼ਨ ਦਾ ਪ੍ਰੋਗਰਾਮ ਜਾਰੀ ਕੀਤਾ ਹੈ। ਇਹ ਸੈਸ਼ਨ ਕਾਫ਼ੀ ਹੰਗਾਮੇ ਭਰਿਆ ਰਹੇਗਾ। ਵਿਰੋਧੀ ਪਾਰਟੀਆਂ ਮੁੱਖ ਤੌਰ ’ਤੇ ਐਸ.ਵਾਈ.ਐਲ ਅਤੇ ਨਸ਼ੇ ਦੇ ਮੁੱਦੇ ਮੁੱਖ ਤੌਰ ’ਤੇ ਉਠਾਉਣਗੀਆਂ। ਕਾਂਗਰਸ ਜੋ ਮੁੱਖ ਵਿਰੋਧੀ ਪਾਰਟੀ ਹੈ, ਵਿਧਾਇਕ ਸੁਖਪਾਲ ਖਹਿਰਾ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਗ੍ਰਿਫ਼ਤਾਰੀ ਦਾ ਮੁੱਦਾ ਵੀ ਸਦਨ ਵਿਚ ਚੁੱਕੇਗੀ।
CM Bhagwant Mann
ਸੱਤਾਧਿਰ ਵਲੋਂ ਐਸ.ਵਾਈ.ਐਲ ਦੇ ਮੁੱਦੇ ਤੋਂ ਇਲਾਵਾ ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਵਿਤਕਰਾ ਕਰਨ ਦੇ ਪੇਂਡੂ ਵਿਕਾਸ ਫ਼ੰਡ ਆਦਿ ਦੀ ਅਦਾਇਗੀ ਨਾ ਹੋਣ ਬਾਰੇ ਮਤੇ ਲਿਆਂਦੇ ਜਾਣਗੇ। ਜੀ ਐਸ ਟੀ ਨਾਲ ਸਬੰਧਤ ਸੋਧ ਬਿਲਾਂ ਨੂੰ ਲੈ ਕੇ ਵੀ ਸਦਨ ਵਿਚ ਵਿਵਾਦ ਬਣ ਸਕਦਾ ਹੈ ਕਿਉਂਕਿ ਰਾਜਪਾਲ ਇਨ੍ਹਾਂ ਬਿਲਾਂ ਉਪਰ ਇਤਰਾਜ਼ ਲਾ ਚੁੱਕੇ ਹਨ।
ਰਾਜਪਾਲ ਨੇ ਇਸ ਸੋਧ ਬਾਰੇ ਜੀ.ਐਸ.ਟੀ. ਕੌਂਸਲ ਵਿਚ ਕਾਫ਼ੀ ਸਮਾਂ ਪਹਿਲਾਂ ਫ਼ੈਸਲਾ ਹੋ ਜਾਣ ਦੇ ਬਾਵਜੂਦ ਇਸ ਵਿਚ ਦੇਰੀ ਕਰਨ ਦਾ ਤਰਕ ਦੇ ਕੇ ਸਵਾਲ ਉਠਾ ਰਹੇ ਹਨ। ਐਸ.ਵਾਈ.ਐਲ ਦੇ ਮੁੱਦੇ ਉਪਰ ਭਾਵੇਂ ਸੱਤਾਧਿਰ ਸਮੇਤ ਸੱਭ ਪਾਰਟੀਆਂ ਇਕੋ ਜਿਹਾ ਸਟੈਂਡ ਲੈ ਰਹੀਆਂ ਹਨ ਪਰ ਇਕ ਦੂਜੇ ਨੂੰ ਸਥਿਤੀ ਲਈ ਜ਼ਿੰਮੇਵਾਰ ਠਹਿਰਾ ਕੇ ਇਲਜ਼ਾਮਬਾਜ਼ੀ ਵੀ ਕਰ ਰਹੀਆਂ ਹਨ। ਐਸ.ਵਾਈ.ਐਲ ਨਹਿਰ ਤੇ ਪਾਣੀਆਂ ਦੇ ਮੁੱਦੇ ਉਪਰ ਦਿਲਚਸਪ ਤੇ ਹੰਗਾਮੇ ਭਰੀ ਬਹਿਸ ਹੋਣ ਦੇ ਪੂਰੇ ਆਸਾਰ ਹਨ।
ਪਹਿਲੀ ਨਵੰਬਰ ਨੂੰ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ਜੋ ਖੁਲ੍ਹੀ ਬਹਿਸ ਦੀ ਚੁਨੌਤੀ ਦਿਤੀ ਹੈ, ਇਸ ਨੂੰ ਲੈ ਕੇ ਵੀ ਸੱਤਾਧਿਰ ਤੇ ਵਿਰੋਧੀ ਆਹਮੋ ਸਾਹਮਣੇ ਹੋਣਗੇ। ਲਗਦਾ ਹੈ ਕਿ ਪਹਿਲੀ ਨਵੰਬਰ ਵਾਲੀ ਬਹਿਸ ਦੀ ਵੱਡੀ ਝਲਕ ਵਿਧਾਨ ਸਭਾ ਅੰਦਰ ਹੀ ਮਿਲ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਿਛਲਾ ਸੈਸ਼ਨ ਵੀ ਰਾਜਪਾਲ ਨੇ ਗ਼ੈਰ ਕਾਨੂੰਨੀ ਐਲਾਨਿਆ ਸੀ ਅਤੇ ਉਸ ਵਿਚ ਪਾਸ ਚਾਰ ਬਿਲਾਂ ’ਤੇ ਵੀ ਹਾਲੇ ਤਕ ਰਾਜਪਾਲ ਨੇ ਦਸਤਖ਼ਤ ਨਹੀਂ ਕੀਤੇ।
PUNJAB VIDHAN SABHA
ਰਾਜਪਾਲ ਵੀ ਇਸ ਕਾਰਨ ਸੱਤਾਧਿਰ ਦੇ ਨਿਸ਼ਾਨੇ ਉਪਰ ਆ ਸਕਦੇ ਹਨ। ਇਸ ਵਾਰ ਵੀ ਰਾਜਪਾਲ ਵਲੋਂ ਸੈਸ਼ਨ ਨੂੰ ਗ਼ੈਰ ਕਾਨੂੰਨੀ ਐਲਾਨੇ ਜਾਣ ਅਤੇ ਇਸ ਵਿਚ ਹੋਣ ਵਾਲੀ ਕਾਰਵਾਈ ਨੂੰ ਵੀ ਗ਼ੈਰ ਕਾਨੂੰਨੀ ਕਹੇ ਜਾਣ ਦੇ ਬਾਵਜੂਦ ਵਿਧਾਨ ਸਭਾ ਸਕੱਤਰੇਤ ਵਲੋਂ ਐਲਾਨੇ ਪ੍ਰੋਗਰਾਮ ਮੁਤਾਬਕ ਸੈਸ਼ਨ ਹੋ ਰਿਹਾ ਹੈ। ਪਹਿਲੇ ਦਿਨ ਸੈਸ਼ਨ ਦੀ ਸ਼ੁਰੂਆਤ ਪਿਛਲੇ ਸਮੇਂ ਵਿਚ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦੇਣ ਨਾਲ ਸ਼ੁਰੂ ਹੋਵੇਗੀ ਅਤੇ ਕੁੱਝ ਮਿੰਟਾਂ ਦੀ ਬਰੇਕ ਬਾਅਦ ਕਾਰਵਾਈ ਮੁੜ ਚਲੇਗੀ। ਇਸ ਵਿਚ ਵਿਧਾਨਿਕ ਕੰਮਕਾਰ ਹੋਣਗੇ ਅਤੇ ਦੂਜੇ ਦਿਨ ਵੀ ਵਿਧਾਨਿਕ ਕੰਮਕਾਰ ਹੀ ਏਜੰਡੇ ਵਿਚ ਸ਼ਾਮਲ ਕੀਤੇ ਗਏ ਹਨ। ਇਸ ਤਰ੍ਹਾਂ ਇਸ ਸੈਸ਼ਨ ਵਿਚ ਮੁੱਖ ਤੌਰ ’ਤੇ ਬਿਲ ਅਤੇ ਮਤੇ ਹੀ ਪਾਸ ਹੋਣਗੇ।
ਰਾਜਪਾਲ ਨੇ ਤਿੰਨ ਵਿੱਤੀ ਬਿੱਲ ਪੇਸ਼ ਕਰਨ ਦੀ ਮਨਜ਼ੂਰੀ ਨਹੀਂ ਦਿਤੀ
ਪੰਜਾਬ ਵਿਧਾਨ ਸਭਾ ਦੇ 20 ਅਕਤੂਬਰ ਤੋਂ ਸ਼ੁਰੂ ਹੋ ਰਹੇ ਦੋ ਦਿਨ ਦੇ ਸੈਸ਼ਨ ਨੂੰ ਮੁੜ ਅੱਜ ਗ਼ੈਰਕਾਨੂੰਨੀ ਕਰਾਰ ਦਿੰਦੇ ਹੋਏ ਸਰਕਾਰ ਵਲੋਂ ਇਸ ਵਿਚ ਪੇਸ਼ ਕੀਤੇ ਜਾਣ ਵਾਲੇ ਤਿੰਨ ਵਿੱਤੀ ਬਿਲਾਂ ਨੂੰ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿਤੀ ਹੈ। ਸੈਸ਼ਨ ਤੋਂ ਇਕ ਦਿਨ ਪਹਿਲਾਂ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਦਸਿਆ ਕਿ ਸੈਸ਼ਨ ਗ਼ੈਰ ਕਾਨੂੰਨੀ ਹੈ ਅਤੇ ਇਸ ਕਰ ਕੇ ਭੇਜੇ ਬਿੱਲ ਪੇਸ਼ ਕਰਨ ਦੀ ਮਨਜ਼ੂਰੀ ਨਹੀਂ ਦਿਤੀ ਜਾ ਸਕਦੀ।
Banwari Lal Purohit
ਜਿਹੜੇ ਤਿੰਨ ਬਿੱਲ ਰਾਜਪਾਲ ਨੇ ਰੋਕੇ ਹਨ ਉਨ੍ਹਾਂ ਵਿਚ ਵਿੱਤੀ ਮੈਨੇਜਮੈਂਟ ਦੀ ਜ਼ਿੰਮੇਵਾਰੀ ਬਾਰੇ ਸੋਧ ਬਿੱਲ, ਪੰਜਾਬ ਜੀ ਐਸ ਟੀ ਸੋਧ ਬਿੱਲ ਅਤੇ ਇੰਡੀਅਨ ਸਟੈਂਪ ਪੰਜਾਬ ਸੋਧ ਬਿੱਲ 2023 ਸ਼ਾਮਲ ਹਨ। ਰਾਜਪਾਲ ਨੇ ਇਸ ਮਾਮਲੇ ਵਿਚ ਸੈਸ਼ਨ ਦੇ ਸਬੰਧ ਵਿਚ ਰਾਸ਼ਟਰਪਤੀ ਨੂੰ ਰੀਪੋਰਟ ਭੇਜਣ ਦੀ ਗੱਲ ਵੀ ਆਖੀ ਹੈ।