
ਪੰਜਾਬ ਕੇਂਦ੍ਰਿਤ ਨਵੇਂ ਖੇਤੀ ਮਾਡਲ ਲਈ ਖ਼ੁਦਮੁਖ਼ਤਿਆਰੀ ਅਤਿ ਜ਼ਰੂਰੀ : ਦੀਪ ਸਿੱਧੂ
ਪੰਜਾਬ ਦੀ ਮੌਜੂਦਾ ਖੇਤੀ ਨੀਤੀ ਸਟੇਟ ਨੇ ਜਬਰੀ ਥੋਪੀ
ਬਠਿੰਡਾ, 19 ਨਵੰਬਰ (ਸੁਖਜਿੰਦਰ ਮਾਨ) : ਕੇਂਦਰੀ ਖੇਤੀ ਬਿਲਾਂ ਦੇ ਵਿਰੋਧ 'ਚ ਚੱਲ ਰਹੇ ਸੰਘਰਸ਼ ਦੌਰਾਨ ਪੰਜਾਬ 'ਚ ਅਪਣਾ ਖੇਤੀ ਮਾਡਲ ਲਾਗੂ ਕਰਨ ਲਈ ਖ਼ੁਦਮੁਖ਼ਤਿਆਰੀ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇਕਰ ਪੰਜਾਬ ਅਪਣੇ ਨੀਤੀਗਤ ਫ਼ੈਸਲੇ ਲੈਣ ਦੀ ਸਮਰੱਥਾ ਰਖਦਾ ਹੋਵੇਗਾ ਤਾਂ ਹੀ ਉਹ ਅਪਣੇ ਲੋਕਾਂ, ਧਰਤੀ ਤੇ ਵਾਤਾਵਰਣ ਦੇ ਅਨੂਕੁਲ ਨੀਤੀਆਂ ਨੂੰ ਲਾਗੂ ਕਰ ਸਕਦਾ ਹੈ।
ਇਹ ਦਾਅਵਾ ਅੱਜ ਸਥਾਨਕ ਟੀਚਰਜ਼ ਹੋਮ ਵਿਖੇ ਵਾਰਸ ਪੰਜਾਬ ਦੇ ਨਾਂ ਹੇਠ ਪੰਜਾਬ ਕੇਂਦ੍ਰਿਤ ਨਵੇਂ ਖੇਤੀ ਮਾਡਲ ਨੂੰ ਲਾਗੂ ਕਰਨ ਲਈ ਸ਼ੁਰੂ ਕੀਤੇ ਵਿਚਾਰ-ਵਿਟਾਂਦਰੇ ਦੇ ਅਮਲ ਦੇ ਪਹਿਲੇ ਸਮਾਗਮ ਵਿਚ ਉਘੇ ਅਦਾਕਾਰ ਦੀਪ ਸਿੱਧੂ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੌਰਾਨ ਇਹ ਗਲ ਸਾਹਮਣੇ ਆਈ ਹੈ ਕਿ ਐਮ.ਐਸ.ਪੀ ਜਾਂ ਖੇਤੀ ਬਿਲਾਂ ਵਿਚ ਸੋਧ ਨਾਲ ਪੰਜਾਬ ਦੀ ਧਰਤੀ ਤੇ ਕਿਸਾਨੀਂ ਨੂੰ ਨਹੀਂ ਬਚਾਇਆ ਜਾ ਸਕਦਾ, ਬਲਕਿ ਇਸਦੇ ਲਈ ਪੱਕੇ ਪੈਰੀ ਤੇ ਮਿਹਨਤ ਨਾਲ ਨਵਾਂ ਖੇਤੀ ਮਾਡਲ ਲੈ ਕੇ ਆਉਣ ਦੀ ਜ਼ਰੂਰਤ ਹੈ, ਜਿਸਦੇ ਚੱਲਦੇ ਸ਼ਹਿਰ-ਸ਼ਹਿਰ ਤੇ ਪਿੰਡ-ਪਿੰਡ ਜਾਇਆ ਜਾਵੇਗਾ। ਇਸ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਵੱਖ-ਵੱਖ ਖੇਤਰਾਂ ਤੋਂ ਲੋਕ ਪੁੱਜੇ ਹੋਏ ਸਨ, ਜਿੰਨ੍ਹਾਂ ਵਿਚ ਨੌਜਵਾਨ ਪੀੜ੍ਹੀ ਦੀ ਗਿਣਤੀ ਚੌਖੀ ਸੀ। ਸਪੋਕਸਮੈਨ ਦੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੀਪ ਸਿੱਧੂ ਨੇ ਕਿਹਾ ਕਿ ''ਹੁਣ ਮਸਲਾ ਇਕੱਲੀ ਰੋਟੀ ਦਾ ਨਹੀਂ, ਬਲਕਿ ਪੰਜਾਬ ਦੇ ਸੱਭਿਆਚਾਰ ਤੇ ਆਰਥਿਕਤਾ ਦੀ ਹੋਂਦ ਦੀ ਲੜਾਈ ਦਾ ਹੈ, ਜਿਸਨੂੰ ਜਿੱਤੇ ਬਿਨ੍ਹਾਂ ਨਾਂ ਤਾਂ ਪੰਜਾਬ ਵਿਚ ਖੁਦਕਸ਼ੀਆਂ ਤੇ ਨਾਂ ਹੀ ਕਰਜ਼ੇ ਦੀ ਵਧਦੀ ਅਮਰਵੇਲ ਦੇ ਅਮਲ ਨੂੰ ਰੋਕਿਆ ਜਾ ਸਕਦਾ ਹੈ। '' ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਅਪਣੀਆਂ ਲੋੜਾਂ, ਸਮਾਜਿਕ ਪੱਖ, ਵਾਤਾਵਰਣ ਤੇ ਸੱਭਿਆਚਾਰ ਹੋਂਦ ਦੇ ਮੁਤਾਬਕ ਵਧੀਆਂ ਨੀਤੀਗਤ ਫੈਸਲੇ ਲੈ ਸਕਦੇ ਹਨ, ਜਿਸਦੇ ਲਈ ਅੱਜ ਸਮੇਂ ਦੀ ਲੋੜ ਹੈ ਕਿ ਪੰਜਾਬ ਨੂੰ ਖੁਦਮੁਖਤਿਆਰੀ ਦਿੱਤੀ ਜਾਵੇ। ਇਸ ਵਿਚਾਰ ਗੋਸਟੀ ਵਿਚ ਇਹ ਵੀ ਗੱਲ ਨਿੱਖਰ ਕੇ ਸਾਹਮਣੇ ਆਈ ਕਿ ਪੰਜਾਬ ਦੇ ਮੌਜੂਦਾ ਮਾਡਲ ਨੂੰ ਇੱਥੋਂ ਦੇ ਲੋਕਾਂ ਨੇ ਨਹੀਂ, ਬਲਕਿ ਸਟੇਟ ਨੇ ਦੇਸ ਦਾ ਢਿੱਡ ਭਰਨ ਲਈ ਲਾਗੂ ਕੀਤਾ ਸੀ ਪ੍ਰੰਤੂ ਇਸਦਾ ਨੁਕਸਾਨ ਹੁਣ ਪੰਜਾਬੀਆਂ ਨੂੰ ਝੱਲਣਾ ਪੈ ਰਿਹਾ। ਬੁਲਾਰਿਆਂ ਨੇ ਇਸ ਗੱਲ 'ਤੇ ਵੀ ਜੋਰ ਦਿੱਤਾ ਕਿ ਪੰਜਾਬ ਕੇਂਦ੍ਰਿਤ ਖੇਤੀ ਮਾਡਲ ਨੂੰ ਸਫ਼ਲ ਬਣਾਉਣ ਲਈ ਪਹਿਲਾਂ ਲੋਕਾਂ ਵਿਚ ਸਮਾਜਿਕ ਤੇ ਰਾਜਨੀਤਕ ਚੇਤਨਾ ਲਿਆਉਣੀ ਬਹੁਤ ਜਰੂਰੀ ਹੈ। ਸਮਾਗਮ ਵਿਚ ਦੀਪ ਸਿੱਧੂ ਤੋਂ ਇਲਾਵਾ ਲੱਖਾ ਸਿਧਾਣਾ, ਮਨਧੀਰ ਸਿੰਘ, ਰਾਮ ਸਿੰਘ ਢਿਪਾਲੀ, ਪਿੱਪਲ ਸਿੰਘ, ਮੇਘ ਰਾਜ ਗਿੱਦੜਵਹਾ, ਜਸਕਰਨ ਸਿੰਘ ਅਤੇ ਦਲ ਖਾਲਸਾ ਤੋਂ ਗੁਰਵਿੰਦਰ ਸਿੰਘ ਆਦਿ ਨੇ ਸਮੂਲੀਅਤ ਕੀਤੀ।
ਇਸ ਖ਼ਬਰ ਨਾਲ ਸਬੰਧਤ ਫੋਟੋ 19 ਬੀਟੀਆਈ 08 ਵਿਚ ਭੇਜੀ ਜਾ ਰਹੀ ਹੈ।
ਫ਼ੋਟੋ: ਇਕਬਾਲ ਸਿੰਘ।image