ਕਿਹਾ- ਦੇਸ਼ ਸਾਡਾ ਭਾਰਤ ਹੈ ਅਤੇ ਸੂਬਾ ਪੰਜਾਬ, ਪੰਜਾਬ ਨੂੰ ਵਤਨ ਕਹਿਣਾ ਠੀਕ ਨਹੀਂ
ਲੁਧਿਆਣਾ : ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ 'ਖੇਡਾਂ ਵਤਨ ਪੰਜਾਬ ਦੀਆ' ਦਾ ਨਾਅਰਾ ਵਰਤਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤੰਜ਼ ਕੱਸਿਆ ਹੈ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਬਿਹਤਰ ਸਲਾਹਕਾਰ ਹੋਣੇ ਚਾਹੀਦੇ ਹਨ ਜੋ ਉਨ੍ਹਾਂ ਨੂੰ ਸਹੀ ਸਲਾਹ ਦੇਣ। ‘ਖੇਡਾਂ ਵਤਨ ਪੰਜਾਬ ਦੀਆ’ ਸ਼ਬਦ ਗਲਤ ਸੋਚ ਦਾ ਪ੍ਰਤੀਕ ਹੈ।
ਉਨ੍ਹਾਂ ਨੇ ਕਿਹਾ ਕਿ ਦੇਸ਼ ਸਾਡਾ ਭਾਰਤ ਹੈ ਅਤੇ ਸੂਬਾ ਸਾਡਾ ਪੰਜਾਬ ਹੈ। ਪੰਜਾਬ ਦੇਸ਼ ਦੇ ਸਿਰ ਦਾ ਤਾਜ ਹੈ। ਇਸ ਤਰ੍ਹਾਂ ਵੱਖਰਾ 'ਵਤਨ' ਸ਼ਬਦ ਵਰਤ ਕੇ ਸਰਕਾਰ ਨੂੰ ਅਜਿਹੀ ਸੋਚ ਤੋਂ ਬਚਣਾ ਚਾਹੀਦਾ ਹੈ। ਪੰਜਾਬ ਨੂੰ ‘ਵਤਨ’ ਸ਼ਬਦ ਕਹਿ ਕੇ ਵੱਖਰਾ ਨਾ ਕਿਹਾ ਜਾਵੇ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸਰਕਾਰ ਸ਼ਹੀਦ ਭਗਤ ਸਿੰਘ ਦੀ ਗੱਲ ਕਰਦੀ ਹੈ, ਪਰ ਪੰਜਾਬ ਨੂੰ ਵੱਖਰਾ ਦੇਸ਼ ਕਿਹਾ ਜਾ ਰਿਹਾ ਹੈ।
'ਖੇਡਾਂ ਵਤਨ ਪੰਜਾਬ ਦੀਆ' ਦੇ ਨਾਅਰੇ ਦੀ ਵਰਤੋਂ ਕਰ ਕੇ ਦੇਸ਼ ਨੂੰ ਗਲਤ ਸੰਦੇਸ਼ ਗਿਆ ਹੈ। ਸੁਨੀਲ ਜਾਖੜ ਨਾਲ ਵਾਇਰਲ ਹੋ ਰਹੀ ਤਸਵੀਰ ਬਾਰੇ ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਗਟ ਸਿੰਘ ਦੀ ਧੀ ਦੇ ਵਿਆਹ ਵਿਚ ਸਾਰੇ ਪਾਰਟੀ ਮੈਂਬਰ ਆਏ ਹੋਏ ਸਨ। ਇਹ ਸਮਾਗਮ ਸਿਆਸੀ ਨਹੀਂ ਪਰਿਵਾਰਕ ਹੁੰਦੇ ਹਨ। ਸੁਨੀਲ ਜਾਖੜ ਕਾਂਗਰਸ ਪਾਰਟੀ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਇਸ ਕਾਰਨ ਹੀ ਉਹ ਵੀ ਇਸ ਵਿਆਹ ਸਮਾਗਮ ਵਿਚ ਸ਼ਰੀਕ ਹੋਏ ਅਤੇ ਉਥੇ ਅਸੀਂ ਸਾਰੇ ਮਿਲਜੁਲ ਕੇ ਬੈਠੇ।
ਉਨ੍ਹਾਂ ਕਿਹਾ ਕਿ ਗੱਲਾਂ ਕਰਨ ਵਾਲੇ ਬਹੁਤ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਉਂਦੇ ਹਨ ਕਿ ਜਾਂ ਸੁਨੀਲ ਜਾਖੜ ਮੁੜ ਕਾਂਗਰਸ ਵਿਚ ਜਾਣਗੇ ਜਾਂ ਫਿਰ ਰਵਨੀਤ ਬਿੱਟੂ ਭਾਜਪਾ ਵਿਚ ਸ਼ਾਮਲ ਹੋਵੇਗਾ। ਰਵਨੀਤ ਬਿੱਟੂ ਨੇ ਕਿਹਾ ਕਿ ਇਹ ਸਭ ਸਿਆਸੀ ਗੱਲਾਂ ਹਨ ਜਿਨ੍ਹਾਂ 'ਤੇ ਚਰਚਾ ਹੋਈ ਜ਼ਰੂਰੀ ਹੈ ਅਤੇ ਹੁੰਦੀ ਵੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਪਾਰਟੀ ਬਦਲ ਲਈ ਹੈ ਪਰ ਸਾਡੇ ਆਪਸੀ ਸਬੰਧ ਅਤੇ ਰਿਸ਼ਤੇ ਖਤਮ ਨਹੀਂ ਹੋ ਸਕਦੇ।
ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਕੁਝ ਸਿਆਸੀ ਆਗੂ ਸੁਰੱਖਿਆ ਲੈਣ ਲਈ ਦਲ ਬਦਲੀਆਂ ਕਰ ਲੈਂਦੇ ਹਨ ਪਰ ਉਨ੍ਹਾਂ ਨੂੰ ਕਿਸੇ ਕਿਸਮ ਦੀ ਸੁਰੱਖਿਆ ਦੀ ਜ਼ਰੂਰਤ ਨਹੀਂ ਹੈ ਅਤੇ ਉਹ ਰਾਹੁਲ ਗਾਂਧੀ ਦੀ ਅਗਵਾਈ ਹੇਠ ਪੰਜਾਬ ਆਉਣ ਵਾਲੀ ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ ਅਤੇ ਇਹ ਚੋਣਾਂ ਕਾਂਗਰਸ ਪਾਰਟੀ ਜਿੱਤੇਗੀ। ਉਨ੍ਹਾਂ ਕਿਹਾ ਕਿ ਅਸੀਂ ਇਸ ਪਾਰਟੀ ਦੇ ਰੰਗ ਵਿਚ ਰੰਗੇ ਹੋਏ ਹਾਂ। ਕਾਂਗਰਸ ਪਾਰਟੀ ਨੇ ਸਾਨੂੰ ਪਹਿਲੀ ਕਤਾਰ ਵਿਚ ਖੜ੍ਹਾ ਕੀਤਾ ਹੋਇਆ ਹੈ। ਇਸ ਲਈ ਸਾਨੂੰ ਕਿਸੇ ਹੋਰ ਪਾਰਟੀ ਵਿਚ ਜਾਣ ਦੀ ਜ਼ਰੂਰਤ ਨਹੀਂ ਹੈ ਅਤੇ ਨਾਂ ਹੀ ਮੈਂ ਕਦੇ ਕਾਂਗਰਸ ਦਾ ਸਾਥ ਛੱਡਾਂਗਾ।