ਮੋਹਾਲੀ ਵਿਚ ਤਿੰਨ, ਅੰਮ੍ਰਿਤਸਰ ਤੇ ਜਲੰਧਰ ਵਿਚ ਬਣੇਗਾ ਇਕ-ਇਕ ਹੋਸਟਲ : ਮੰਤਰੀ ਡਾ. ਬਲਜੀਤ ਕੌਰ
ਚੰਡੀਗੜ੍ਹ: ਸਮਾਜਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀਆਂ ਔਰਤਾਂ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਨਿਰੰਤਰ ਯਤਨ ਕਰ ਰਹੀ ਹੈ। ਕੰਮਕਾਜੀ ਮਹਿਲਾਵਾਂ ਨੂੰ ਸੁਰੱਖਿਅਤ ਤੇ ਸੁਵਿਧਾਜਨਕ ਰਿਹਾਇਸ਼ ਮੁਹਈਆ ਕਰਵਾਉਣ ਲਈ ਸਰਕਾਰ ਵਲੋਂ ਵੱਡੇ ਕਦਮ ਚੁੱਕੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 150 ਕਰੋੜ ਰੁਪਏ ਦੀ ਲਾਗਤ ਨਾਲ 5 ਵਰਕਿੰਗ ਵੂਮੈਨ ਹੋਸਟਲ ਬਣਾਏ ਜਾ ਰਹੇ ਹਨ, ਜੋ ਮੋਹਾਲੀ, ਅੰਮ੍ਰਿਤਸਰ ਅਤੇ ਜਲੰਧਰ ਵਿਚ ਸਥਾਪਿਤ ਹੋਣਗੇ।
ਉਨ੍ਹਾਂ ਦਸਿਆ ਕਿ ਮੋਹਾਲੀ ਵਿਚ 3, ਜਦਕਿ ਅੰਮ੍ਰਿਤਸਰ ਅਤੇ ਜਲੰਧਰ ਵਿਚ ਇਕ-ਇਕ ਹੋਸਟਲ ਬਣੇਗਾ। ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਪ੍ਰਾਜੈਕਟ ਸੂਬੇ ਦੀਆਂ ਔਰਤਾਂ ਲਈ ਸੁਰੱਖਿਅਤ, ਸਸਤਾ ਅਤੇ ਆਧੁਨਿਕ ਰਿਹਾਇਸ਼ੀ ਵਿਕਲਪ ਉਪਲਬਧ ਕਰਵਾਉਣ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਹੈ, ਜਿਸ ਨਾਲ ਹਜ਼ਾਰਾਂ ਵਰਕਿੰਗ ਵੂਮੈਨ ਨੂੰ ਸਿੱਧਾ ਲਾਭ ਮਿਲੇਗਾ।
ਉਨ੍ਹਾਂ ਅੱਗੇ ਦਸਿਆ ਕਿ ਇਹ ਹੋਸਟਲ ਸਿਰਫ਼ ਰਿਹਾਇਸ਼ ਤਕ ਸੀਮਿਤ ਨਹੀਂ ਹੋਣਗੇ, ਸਗੋਂ ਇਨ੍ਹਾਂ ਵਿਚ ਸੁਰੱਖਿਆ ਦੇ ਮਜ਼ਬੂਤ ਪ੍ਰਬੰਧ, ਬੁਨਿਆਦੀ ਅਤੇ ਆਧੁਨਿਕ ਸੁਵਿਧਾਵਾਂ ਵੀ ਹੋਵੇਗੀ, ਤਾਂ ਜੋ ਮਹਿਲਾਵਾਂ ਲਈ ਇਹ ਸਫ਼ਰ ਹੋਰ ਵੀ ਸੁਖਾਲਾ ਬਣੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮਹਿਲਾਵਾਂ ਨੂੰ ਸਸ਼ਕਤ ਕਰਨ ਲਈ ਪੰਜਾਬ ਸਰਕਾਰ ਵਲੋਂ ਕਈ ਵੱਖ-ਵੱਖ ਯੋਜਨਾਵਾਂ ਅਤੇ ਪ੍ਰੋਗਰਾਮ ਪ੍ਰਭਾਵਸ਼ਾਲੀ ਢੰਗ ਨਾਲ ਚਲਾਏ ਜਾ ਰਹੇ ਹਨ, ਤਾਂ ਜੋ ਔਰਤਾਂ ਨੂੰ ਸਿਖਿਆ, ਰੋਜ਼ਗਾਰ ਅਤੇ ਸਮਾਜਕ ਭਾਗੀਦਾਰੀ ਰਾਹੀਂ ਸਮਾਜ ਦੀ ਮੁੱਖ ਧਾਰਾ ਨਾਲ ਜੋੜਿਆ ਜਾ ਸਕੇ। ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਕਿ ਇਨ੍ਹਾਂ ਵਰਕਿੰਗ ਵੂਮੈਨ ਹੋਸਟਲਾਂ ਦਾ ਨਿਰਮਾਣ ਕਾਰਜ ਤੇਜ਼ੀ ਨਾਲ ਅਤੇ ਉੱਚ ਪਧਰੀ ਗੁਣਵੱਤਾ ਮਾਪਦੰਡਾਂ ਅਨੁਸਾਰ ਮੁਕੰਮਲ ਕੀਤਾ ਜਾਵੇ, ਤਾਂ ਜੋ ਇਹ ਸਹੂਲਤ ਜਲਦ ਤੋਂ ਜਲਦ ਮਹਿਲਾਵਾਂ ਲਈ ਉਪਲਬਧ ਹੋ ਸਕੇ।
