21 ਨਵੰਬਰ ਨੂੰ ਜਲੰਧਰ ਧੰਨੋਵਾਲੀ ਨੈਸ਼ਨਲ ਹਾਈਵੇ ਤੇ ਰੇਲ ਦਾ ਚੱਕਾ ਜਾਮ
ਜਲੰਧਰ: ਅੱਜ ਜ਼ਿਲ੍ਹਾ ਜਲੰਧਰ ਦੀਆਂ ਗੰਨਾ ਬੈਲਟ ਦੀਆਂ ਸਮੂਹ ਜਥੇਬੰਦੀਆਂ ਦੁਆਰਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ, ਬੀਕੇਯੂ ਦੋਆਬਾ ਮਨਜੀਤ ਸਿੰਘ ਰਾਏ, ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਰਣਜੀਤ ਸਿੰਘ ਛੱਲ ਨੇ ਡਿਪਟੀ ਕਮਿਸ਼ਨਰ ਜਲੰਧਰ ਦੇ ਸਾਹਮਣੇ ਗੰਨੇ ਦੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਗੰਨੇ ਦੇ ਸੀਜ਼ਨ ਦੀ ਬਕਾਇਆ 61 ਰੁਪਏ ਦੀ ਤਕਰੀਬਨ 93 ਕਰੋੜ ਰੁਪਏ ਦੀ ਅਦਾਇਗੀ ਅਤੇ ਸਹਿਕਾਰੀ ਖੰਡ ਮਿੱਲਾਂ ਦੀ ਕਰੀਬ 120 ਕਰੋੜ ਰੁਪਏ, ਫਗਵਾੜਾ ਮਿੱਲ ਦੀ ਪਿਛਲੀ 27 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਹਾਲੇ ਤੱਕ ਵੀ ਸਰਕਾਰ ਨੇ ਜਾਰੀ ਨਹੀਂ ਕੀਤੀ। ਗੰਨੇ ਦੇ ਨਵੇਂ ਸੀਜ਼ਨ ਦੀ ਸ਼ੁਰੂਆਤ ਨਵੰਬਰ ਮਹੀਨੇ ਕੀਤੀ ਜਾਂਦੀ ਹੈ ਪਰ ਪੰਜਾਬ ਸਰਕਾਰ ਚੁੱਪ ਹੈ।
ਕੇਂਦਰ ਸਰਕਾਰ ਵੱਲੋਂ ਗੰਨੇ ਦੇ ਰੇਟ ਵਿੱਚ ਪੰਦਰਾਂ ਰੁਪਏ ਪ੍ਰਤੀ ਕੁਇੰਟਲ ਰੇਟ ਦਾ ਵਾਧਾ ਕਰਕੇ ਐਲਾਨ ਕੀਤਾ ਸੀ, ਪਰ ਪੰਜਾਬ ਸਰਕਾਰ ਚੁੱਪ ਹੈ, ਨਾ ਹੀ ਸ਼ੂਗਰ ਮਿੱਲਾਂ ਚੱਲਣ ਦੀ ਤਰੀਕ ਦਾ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ। ਗੰਨਾ ਕਿਸਾਨ ਚਿੰਤਾ ਵਿੱਚ ਹਨ, ਗੰਨਾ ਖੇਤਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਫੈਸਲਾ ਕੀਤਾ ਕਿ ਪੰਜਾਬ ਸਰਕਾਰ ਪਿਛਲੇ ਸਾਲ ਦੀ ਬਕਾਇਆ ਰਾਸ਼ੀ ਤਕਰੀਬਨ 93 ਕਰੋੜ ਰੁਪਏ ਤਰੁੰਤ ਜਾਰੀ ਕਰੇ, ਗੰਨੇ ਦੇ ਭਾਅ ਵਿੱਚ ਵਾਧਾ ਕਰਕੇ 500 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ, ਸਹਿਕਾਰੀ ਖੰਡ ਮਿੱਲਾਂ ਦੀ ਤਰਜ ’ਤੇ ਇਕ ਕਾਊਂਟਰ ’ਤੇ ਪੇਮੈਂਟ ਹੋਣੀ ਚਾਹੀਦੀ ਹੈ, ਜਿਸ ਤਰ੍ਹਾਂ ਬਾਕੀ ਫਸਲਾਂ ਦਾ ਭਾਅ ਬਿਜਾਈ ਤੋਂ ਪਹਿਲਾਂ ਨਿਰਧਾਰਤ ਕੀਤਾ ਜਾਂਦਾ ਹੈ।
ਗੰਨੇ ਦਾ ਭਾਅ ਵੀ ਬਿਜਾਈ ਤੋਂ ਪਹਿਲਾਂ ਅਨਾਊਂਸ ਕਰਕੇ ਨੋਟੀਫਿਕੇਸ਼ਨ ਕੀਤਾ ਜਾਵੇ ਤੇ ਜੇਕਰ 20 ਨਵੰਬਰ ਤੱਕ ਪੰਜਾਬ ਸਰਕਾਰ ਫੈਸਲਾ ਕਰਦੀ ਹੈ, ਤਾਂ ਠੀਕ।ਜੇਕਰ ਫਿਰ ਵੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਨਾ ਕੀਤਾ, ਤਾਂ 21 ਨਵੰਬਰ ਨੂੰ ਵੱਡੇ ਪੱਧਰ ’ਤੇ ਜਲੰਧਰ ਧੰਨੋਵਾਲੀ ਨੈਸ਼ਨਲ ਹਾਈਵੇ ’ਤੇ ਰੇਲ ਦਾ ਚੱਕਾ ਜਾਮ ਕੀਤਾ ਜਾਵੇਗਾ।
