
ਜੰਗ ਦੇ ਸਨਮਾਨਿਤ ਜਨਰਲਾਂ ਨੇ ਲੜਾਈ ਦੀਆਂ ਕੁਝ ਰੌਂਗਟੇ ਖੜੇ ਕਰਨ ਵਾਲੀਆਂ ਘਟਾਨਾਵਾਂ ‘ਤੇ ਪਾਇਆ ਚਾਨਣਾ
ਚੰਡੀਗੜ: ਮਿਲਟਰੀ ਲਿਟਰੇਚਰ ਫੈਸਟੀਵਲ ਦੇ ਆਖਰੀ ਦਿਨ ਦੇ ਤੀਸਰੇ ਸੈਸ਼ਨ ਦੌਰਾਨ ਬੰਗਲਾਦੇਸ ਦੀ ਆਜ਼ਾਦੀ ਦੀ ਇੱਕ ਮਹੱਤਵਪੂਰਣ ਲੜਾਈ ‘ਤੇ ਚਾਨਣਾ ਪਾਇਆ ਗਿਆ ਜੋ ਭਾਰਤੀ ਹਵਾਈ ਸੈਨਾ ਅਤੇ ਥਲ ਸੈਨਾ ਵਲੋਂ ਸਾਂਝੇ ਤੌਰ ‘ਤੇ ਲੜੀ ਗਈ। ਇਸ ਸੈਸ਼ਨ ਦਾ ਸਿਰਲੇਖ ‘ਕ੍ਰਾਸਿੰਗ ਦਿ ਰਿਵਰ ਮੇਘਨਾ’ ਸੀ।
ਇਸ ਸੈਸ਼ਨ ਦੇ ਸੰਚਾਲਕ ਸਕੁਐਡਰਨ ਲੀਡਰ ਰਾਣਾ ਛੀਨਾ ਸਨ। ਇਸ ਸੈਸ਼ਨ ਦੇ ਪੈਨੇਲਿਸਟਾਂ ਵਿੱਚ ਸਨਮਾਨਿਤ ਮਿਲਟਰੀ ਜਨਰਲ ਸ਼ਾਮਲ ਸਨ ਜਿਹਨਾਂ ਨੇ ਬੰਗਲਾਦੇਸ ਦੀ ਆਜ਼ਾਦੀ ਦੀ ਇਸ ਮਹੱਤਵਪੂਰਣ ਜੰਗ ਵਿੱਚ ਹਿੱਸਾ ਲਿਆ ਜੋ ਜੰਗ ਦੇ ਇਤਿਹਾਸ ਵਿੱਚ ‘ਕ੍ਰਾਸਿੰਗ ਦਿ ਰੀਵਰ ਮੇਘਨਾ’ ਵਜੋਂ ਦਰਜ ਹੈ।
ਸੈਸ਼ਨ ਦਾ ਉਦਘਾਟਨ ਲੈਫਟੀਨੈਂਟ ਜਨਰਲ ਗੁਰਬਖ਼ਸ਼ ਸਿੰਘ ਸਿਹੋਤਾ ਨੇ ਕੀਤਾ, ਜਿਹਨਾਂ ਨੇ ਇੱਕ ਪਾਇਲਟ ਵਜੋਂ ਇਹ ਜੰਗ ਲੜੀ । ਉਹਨਾਂ ਨੇ ਵਿਸਥਾਰ ਨਾਲ ਦੱਸਿਆ ਕਿ ਮੁਸ਼ਕਲ ਹਾਲਤਾਂ ਦੇ ਬਾਵਜੂਦ, 9 ਦਸੰਬਰ 1971 ਨੂੰ 5 ਤੋਂ 15 ਕਿਲੋਮੀਟਰ ਲੰਬੀ ਮੇਘਨਾ ਨਦੀ ਨੂੰ ਪਾਰ ਕੀਤਾ ਗਿਆ ਅਤੇ ਪਾਕਿਸਤਾਨੀ ਫੌਜ ਪਿੱਛੇ ਹਟਣ ਲਈ ਮਜਬੂਰ ਹੋ ਗਈ।
ਇਸ ਤੋਂ ਬਾਅਦ ਵਿਚ ਇਸ ਲੜਾਈ ਨੂੰ ਲੜਨ ਵਾਲੇ ਅਤੇ ਮੇਘਨਾ ਨਦੀ ਨੂੰ ਪਾਰ ਕਰਦਿਆਂ ਜ਼ਮੀਨੀ ਲੜਾਈ ਵਿਚ ਸ਼ਾਮਲ ਮੇਜਰ ਚੰਦਰਕਾਂਤ ਨੇ ਇਸ ਯੁੱਧ ਦੌਰਾਨ ਲੜੀ ਗਈ ਇਕ ਜੰਗ ਦੇ ਮੈਦਾਨ ਦਾ ਦਿਲ ਦਹਿਲਾ ਦੇਣ ਵਾਲਾ ਬਿਰਤਾਂਤ ਪੇਸ਼ ਕੀਤਾ। ਉਹਨਾਂ ਦੱਸਿਆ ਕਿ ਹਾਲਾਂਕਿ ਸਾਨੂੰ ਭਾਰੀ ਨੁਕਸਾਨ ਹੋਇਆ ਹੈ ਪਰ ਇਸ ਦੇ ਬਾਵਜੂਦ ਭਾਰਤੀ ਫੌਜ ਨੇ ਪਾਕਿਸਤਾਨੀ ਫੌਜਾਂ ਨੂੰ ਹਰਾਉਣ ਅਤੇ ਬੰਗਲਾਦੇਸ਼ ਨੂੰ ਆਜਾਦ ਕਰਾਉਣ ਵਿਚ ਬੇਮਿਸਾਲ ਬਹਾਦਰੀ ਦਿਖਾਈ।
ਇਸ ਮਗਰੋਂ ਲੜਾਈ ਦਾ ਧੁਰਾ ਰਹੇ ਗਰੁੱਪ ਕੈਪਟਨ ਸੀ.ਐਸ. ਸੰਧੂ ਨੇ ਲੜਾਈ ਦੀਆਂ ਕੁਝ ਰੌਂਗਟੇ ਖੜੇ ਕਰਨ ਵਾਲੀਆਂ ਘਟਨਾਵਾਂ ‘ਤੇ ਚਾਨਣਾ ਪਾਇਆ। ਸੰਧੂ ਇੱਕ ਪਾਇਲਟ ਵਜੋਂ ਲੜਾਈ ਵਿਚ ਸ਼ਾਮਲ ਸਨ। ਉਨਾਂ ਕਿਹਾ ਕਿ ਰਾਤ ਨੂੰ ਹੈਲੀਕਾਪਟਰ ਦੀ ਉਡਾਣ ਭਰਨਾ ਬਹੁਤ ਮੁਸ਼ਕਲ ਸੀ ਕਿਉਂਕਿ ਰਾਤ ਨੂੰ ਹੈਲੀਕਾਪਟਰ ਮੇਘਨਾ ਨਦੀ ਤੋਂ ਪਾਰ ਲੈ ਜਾਣਾ ਸੀ। ਉਹਨਾਂ ਦੱਸਿਆ ਕਿ ਉਹ ਦੁਸ਼ਮਣ ਦੇ ਖੇਤਰ ਵਿੱਚ ਉਡਾਣ ਭਰ ਰਹੇ ਸਨ ਜਿਸ ਕਾਰਨ ਨਾ ਤਾਂ ਹੈਲੀਕਾਪਟਰ ਦੀ ਨੈਵੀਗੇਸ਼ਨ ਲਾਈਟ ਚਲਾਈ ਜਾ ਸਕਦੀ ਸੀ ਅਤੇ ਨਾ ਹੀ ਹੈਲੀਕਾਪਟਰ ਦੀ ਗਤੀ ਵਧਾਈ ਜਾ ਸਕਦੀ ਸੀ।
ਕਈ ਹੈਲੀਕਾਪਟਰਾਂ ਨੇ ਇਕੱਠੇ ਉਡਾਣ ਭਰੀ। ਉਹਨਾਂ ਅੱਗੇ ਦੱਸਿਆ ਕਿ ਗਤੀ ਨੂੰ ਕਾਬੂ ਕਰਦਿਆਂ ਕਿਵੇਂ ਹੈਲੀਕਾਪਟਰਾਂ ਨੇ ਇਕ ਦੂਜੇ ਦੇ ਵਿਚਕਾਰ ਦੂਰੀ ਬਣਾਈ ਰੱਖੀ। ਉਨਾਂ ਦੇ ਹੈਲੀਕਾਪਟਰਾਂ ‘ਤੇ ਦੁਸ਼ਮਣ ਫੌਜਾਂ ਨੇ ਨਿਸ਼ਾਨੇ ਦਾਗੇ, ਜਿਸ ਨਾਲ ਉਨਾਂ ਦੇ ਬਹੁਤ ਸਾਰੇ ਸਾਥੀ ਜਖ਼ਮੀ ਹੋ ਗਏ ਅਤੇ ਬਾਅਦ ਵਿੱਚੋਂ ਉਨਾਂ ‘ਚੋਂ ਕੁਝ ਦੀ ਮੌਤ ਵੀ ਹੋ ਗਈ। ਉਹਨਾਂ ਕਿਹਾ ਕਿ ਇੰਨੇ ਮੁਸ਼ਕਲ ਹਾਲਤਾਂ ਦੇ ਬਾਵਜੂਦ ਆਖ਼ਰਕਾਰ ਉਹ ਜੰਗ ਜਿੱਤ ਗਏ। ਬਾਅਦ ਵਿੱਚ ਲੜਾਈ ਦੌਰਾਨ ਟੈਂਕ ਬਿ੍ਰਗੇਡ ਦੀ ਕਮਾਨ ਸੰਭਾਲਣ ਵਾਲੇ ਲੈਫਟੀਨੈਂਟ ਜਨਰਲ ਸਮਸ਼ੇਰ ਮਹਿਤਾ ਨੇ ਟੈਂਕ ਬਿ੍ਰਗੇਡ ਅਤੇ ਜਾਨਾਂ ਵਾਰਨ ਵਾਲਿਆਂ ਦੀਆਂ ਕੁਰਬਾਨੀਆਂ ‘ਤੇ ਚਾਨਣਾ ਪਾਇਆ।