
ਬਹਿਸ ਨੂੰ ਲੈ ਕੇ ਭਖੀ ਪੰਜਾਬ ਦੀ ਸਿਆਸਤ
ਚੰਡੀਗੜ੍ਹ - ਬੀਤੇ ਦਿਨੀਂ ਨਵਜੋਤ ਸਿੱਧੂ ਨੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਆ ਕੇ ਵਾਅਦੇ ਕਰਨ ਨੂੰ ਲੈ ਕੇ ਉਹਨਾਂ ਨੂੰ ਬਹਿਸ ਦੀ ਚੁਨੌਤੀ ਦਿੱਤੀ ਸੀ ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਵੀ ਸਿੱਧੂ ਦੀ ਬਹਿਸ ਦੀ ਚੁਨੌਤੀ ਨੂੰ ਕਬੂਲ ਕਰ ਲਿਆ ਸੀ ਤੇ ਉਹਨਾਂ ਨੇ ਕਿਹਾ ਕਿ ਸੀ ਭਗਵੰਤ ਮਾਨ ਨਵਜੋਤ ਸਿੱਧੂ ਨਾਲ ਬਹਿਸ ਕਰਨਗੇ। ਇਸ ਤੋਂ ਹੁਣ ਦੋਹਾਂ ਪਾਰਟੀਆਂ ਵਿਚ ਟਵਿੱਟਰ ਵਾਰ ਛਿੜ ਗਈ ਹੈ।
Navjot Sidhu, Arvind KejriwaL
ਦਰਅਸਲ ਕੇਜਰੀਵਾਲ ਵੱਲੋਂ ਨਵਜੋਤ ਸਿੱਧੂ ਨਾਲ ਬਹਿਸ ਲਈ ਭਗਵੰਤ ਮਾਨ ਦਾ ਨਾਮ ਲਿਆ ਗਿਆ ਸੀ ਜਿਸ ਤੋਂ ਬਾਅਦ ਅੱਜ ਸਵੇਰੇ ਹੀ ਸਿੱਧੂ ਨੇ ਟਵੀਟ ਕਰ ਕੇ ਭਗਵੰਤ ਮਾਨ ਨਾਲ ਬਹਿਸ ਕਰਨ ਤੋਂ ਨਾਂ ਕਰ ਦਿੱਤੀ ਤੇ ਕਿਹਾ ਕਿ ਕੇਜਰੀਵਾਲ ਖੁਦ ਬਹਿਸ ਕਰਨ। ਸਿੱਧੂ ਨੇ ਟਵੀਟ ਕਰ ਕੇ ਲਿਖਿਆ ਕਿ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਮੁੱਖ ਮੰਤਰੀ ਨਹੀਂ ਹੈ ਜੋ ਬਾਦਲਾਂ ਦੇ ਦਾਗੀ ਵਿਧਾਇਕ ਦੀਪ ਮਲਹੋਤਰਾ ਨਾਲ ਮਿਲ ਕੇ ਸ਼ਰਾਬ ਮਾਫੀਆ ਚਲਾ ਰਿਹਾ ਹੈ, ਨਾ ਹੀ ਦਿੱਲੀ ਵਿਚ ਕਾਲੇ ਖੇਤੀ ਕਾਨੂੰਨ ਉਸ ਵੱਲੋਂ ਨੋਟੀਫਾਈ ਕੀਤੇ ਗਏ ਹਨ!! ਦਿੱਲੀ ਹਵਾਈ ਅੱਡੇ ਨੂੰ ਜਾਂਦੇ ਲਾਹੇਵੰਦ ਸੜਕੀ ਮਾਰਗ ਉੱਪਰ ਬਾਦਲਾਂ ਦੀਆਂ ਬੱਸਾਂ ਚੱਲਣ ਦੀ ਇਜ਼ਾਜਤ ਕੌਣ ਦੇ ਰਿਹਾ ਹੈ? ਆਓ ਸ੍ਰੀਮਾਨ ਪਾਖੰਡੀ ਜੀ ਮੇਰੇ ਨਾਲ ਬਹਿਸ ਕਰੋ !!''
ਇਸ ਦੇ ਨਾਲ ਹੀ ਦੱਸ ਦਈਏ ਕਿ ਨਵਜੋਤ ਸਿੱਧੂ ਦੇ ਟਵੀਟ ਦਾ ਜਵਾਬ ਦੇਣ ਤੋਂ ਭਗਵੰਤ ਮਾਨ ਵੀ ਪਿੱਛੇ ਨਹੀਂ ਰਹੇ। ਭਗਵੰਤ ਮਾਨ ਨੇ ਵੀ ਨਾਲ ਹੀ ਨਵਜੋਤ ਸਿੱਧੂ ਦੇ ਟਵੀਟ ਦਾ ਜਵਾਬ ਦੇ ਦਿੱਤਾ ਤੇ ਲਿਖਿਆ ਕਿ ''ਮੇਰੇ ਨਾਲ ਬਹਿਸ ਤੋਂ ਕਿਉਂ ਭੱਜ ਰਹੇ ਹਨ ਸਿੱਧੂ? ਸਿੱਧੂ ਭਾਜੀ, ਤੁਸੀਂ ਮੇਰੇ ਤੋਂ ਕਿਉਂ ਡਰਦੇ ਹੋ? CM ਚੰਨੀ ਦੇ ਹਲਕੇ 'ਚ ਰੇਤ ਦੀ ਨਾਜਾਇਜ਼ ਮਾਈਨਿੰਗ 'ਤੇ ਕਿਉਂ ਨਹੀਂ ਬੋਲ ਰਹੇ ਸਿੱਧੂ? ਉਹ ਕਿਹੜੀਆਂ ਮਜ਼ਬੂਰੀਆਂ ਹਨ ਜਿਨ੍ਹਾਂ ਕਾਰਨ ਚਮਕੌਰ ਸਾਹਿਬ 'ਚ ਗੈਰ-ਕਾਨੂੰਨੀ ਮਾਈਨਿੰਗ 'ਤੇ ਇਕ ਸ਼ਬਦ ਵੀ ਨਹੀਂ ਬੋਲਿਆ?''
ਜ਼ਿਕਰਯੋਗ ਹੈ ਕਿ 2022 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਹੋ ਰਹੀਆਂ ਹਨ ਤੇ ਇਕ ਦੂਜੇ ਦੀ ਲੱਤ-ਬਾਹ ਖਿੱਚਣ 'ਤੇ ਲੱਗੀਆਂ ਹੋਈਆਂ ਹਨ। ਸਾਰੀਆਂ ਪਾਰਟੀਆਂ ਅਪਣੇ-ਅਪਣੇ ਵਾਅਦੇ ਗਿਣਾ ਰਹੀਆਂ ਹਨ ਤੇ ਲੋਕਾਂ ਨੂੰ ਲੁਭਾ ਰਹੀਆਂ ਹਨ।