
Dy CM ਰੰਧਾਵਾ ਨੇ ਇਸ ਪ੍ਰਾਪਤੀ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਮਿਲਕਫੈਡ ਨੇ ਦੁੱਧ ਦੀ ਪ੍ਰਾਸੈਸਿੰਗ ਪ੍ਰਣਾਲੀ ਨੂੰ ਬਿਹਤਰ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ।
ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਦਿਤੀ ਮੁਬਾਰਕਬਾਦ
ਚੰਡੀਗੜ੍ਹ : ਪੰਜਾਬ ਰਾਜ ਸਹਿਕਾਰੀ ਦੁੱਧ ਉਤਪਾਦਕ ਫ਼ੈਡਰੇਸ਼ਨ ਲਿਮਟਿਡ (ਮਿਲਕਫੈਡ ਪੰਜਾਬ), ਵੇਰਕਾ ਜੋ ਕਿ ਪੰਜਾਬ ਦੇ ਡੇਅਰੀ ਕਿਸਾਨਾਂ ਦੀ ਖਰੀਦ ਅਤੇ ਮੰਡੀਕਰਨ ਦੀ ਸਿਖਰ ਸੰਸਥਾ ਦਾ ਅਹਿਮ ਬ੍ਰਾਂਡ ਹੈ, ਨੂੰ ਕ੍ਰਿਸ਼ੀ ਉੱਦਮੀ ਕ੍ਰਿਸ਼ਕ ਵਿਕਾਸ ਚੈਂਬਰ ਦੁਆਰਾ ਮਿਲਕ ਪੋ੍ਰਸੈਸਿਗ ਵਿਚ ਸ਼ਾਨਦਾਰ ਲੀਡਰਸ਼ਿਪ ਰੋਲ ਲਈ ਸਨਮਾਨਿਤ ਕੀਤਾ ਗਿਆ ਹੈ।
ਵਾਈਐਸ ਪਰਮਾਰ ਯੂਨੀਵਰਸਿਟੀ ਆਫ਼ ਹਾਰਟੀਕਰਲਚਰ ਐਂਡ ਫੋਰੈਸਟਰੀ, ਸੋਲਨ, ਹਿਮਾਚਲ ਪ੍ਰਦੇਸ਼ ਵਿਖੇ ਹੋਏ ਪੋਗਰੈਸਿਵ ਐਗਰੀ ਲੀਡਰਸ਼ਿਪ ਸੰਮੇਲਨ 2021 ਵਿਚ ਵੇਰਕਾ ਨੂੰ ਕੇਂਦਰੀ ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪਰਸ਼ੋਤਮ ਰੁਪਾਲਾ ਵਲੋਂ ਇਸ ਐਵਾਰਡ ਨਾਲ ਨਿਵਾਜ਼ਿਆ ਗਿਆ। ਮਿਲਕਫੈਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਸੰਘਾ ਨੇ ਇਹ ਐਵਾਰਡ ਪ੍ਰਾਪਤ ਕੀਤਾ।
milkfed
ਇਸ ਉਪਰੰਤ ਮਿਲਕਫੈਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਇਹ ਐਵਾਰਡ, ਮਿਲਕਫੈਡ ਪੰਜਾਬ ਨੂੰ ਉੱਤਰੀ ਭਾਰਤ ਵਿੱਚ ਅਤਿ ਆਧੁਨਿਕ ਡੇਅਰੀ ਪ੍ਰਾਸੈਸਿੰਗ ਦੇ ਬੁਨਿਆਦੀ ਢਾਂਚੇ ਨੂੰ ਸਥਾਪਿਤ ਕਰਨ ਵਿਚ ਪਾਏ ਗਏ ਯੋਗਦਾਨ ਲਈ ਸਨਮਾਨ ਵਜੋਂ ਦਿਤਾ ਗਿਆ ਹੈ ।
ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿਚ ਮਿਲਕਫੈਡ ਪੰਜਾਬ ਨੇ ਦੁੱਧ ਪ੍ਰੋਸੈਸਿੰਗ ਵਿਚ ਸੁਧਾਰ ਕਰਨ ਸਬੰਧੀ ਬਹੁਤ ਸਾਰੀਆਂ ਨਵੀਆਂ ਪਹਿਲਕਦਮੀਆਂ ਕੀਤੀਆਂ ਹਨ। ਅਜਿਹੇ ਯਤਨਾਂ ਦੀ ਲੜੀ ਵਿਚ ਮਿਲਕਫੈਡ ਨੇ ਤਕਰੀਬਨ 350 ਕਰੋੜ ਰੁਪਏ ਦੀ ਲਾਗਤ ਨਾਲ, ਵੇਰਕਾ ਮੋਹਾਲੀ ਡੇਅਰੀ ਵਿਖੇ ਨਵੀਂ ਅਤੇ ਆਧੁਨਿਕ ਫਰਮੈਂਟਡ ਡੇਅਰੀ, ਵੇਰਕਾ ਮੈਗਾ ਡੇਅਰੀ, ਬੱਸੀ ਪਠਾਣਾ ਵਿਖੇ ਐਸੇਪਟਿਕ ਦੁੱਧ ਪੈਕਜਿੰਗ ਯੂਨਿਟ, ਵੇਰਕਾ ਅੰਮ੍ਰਿਤਸਰ ਡੇਅਰੀ ਵਿਖੇ ਆਟੋਮੈਟਿਡ ਡੇਅਰੀ ਅਤੇ ਵੇਰਕਾ ਜਲੰਧਰ ਡੇਅਰੀ ਵਿਖੇ ਅਤਿ ਆਧੁਨਿਕ ਦੁੱਧ ਪਾਉਡਰ ਪਲਾਂਟ ਲਗਾਇਆ ਹੈ ।
verka
ਇਸ ਦੁੱਧ ਪ੍ਰਾਸੈਸਿੰਗ ਅਤੇ ਉਤਪਾਦਨ ਦੇ ਬੁਨਿਯਾਦੀ ਢਾਂਚੇ ਨੂੰ ਹੋਰ ਮਜਬੂਤ ਬਣਾਉਣ ਲਈ ਮਿਲਕਫੈਡ ਪੰਜਾਬ ਵਲੋਂ ਤਕਰੀਬਨ 450 ਕਰੋੜ ਰੁਪਏ ਦੀ ਲਾਗਤ ਨਾਲ ਵੇਰਕਾ ਲੁਧਿਆਣਾ ਡੇਅਰੀ ਵਿਖੇ ਆਟੋਮੇਟਿਡ ਡੇਅਰੀ ਅਤੇ ਵੇਰਕਾ ਕੈਟਲ ਫੀਡ ਪਲਾਂਟ ਘਣੀਆ ਕੇ ਬਾਂਗਰ ਵਿੱਖੇ ਨਵਾਂ ਬਾਈਪਾਸ ਪ੍ਰੋਟੀਨ ਪਲਾਂਟ, ਵੇਰਕਾ ਮੈਗਾ ਡੇਅਰੀ ਬੱਸੀ ਪਠਾਣਾ ਵਿੱਚ ਫੇਜ਼ ਦੋ ਅਤੇ ਤਿੰਨ, ਵੇਰਕਾ ਮੋਹਾਲੀ ਡੇਅਰੀ ਵਿੱਖੇ ਕੇਂਦਰੀ ਪ੍ਰਯੋਗਸ਼ਾਲਾ ਅਤੇ ਵੇਰਕਾ ਪਟਿਆਲਾ ਪਲਾਂਟ ਵਿਖੇ ਆਧੁਨਿਕ ਤਕਨੀਕ ਵਾਲਾ ਚੀਜ਼ ਪਲਾਂਟ ਲਗਾਇਆ ਜਾ ਰਿਹਾ ਹੈ । ਇਹ ਸਾਰੇ ਪ੍ਰੋਜੈਕਟ 2024 ਤੱਕ ਮੁੱਕਮਲ ਅਤੇ ਪੂਰੀ ਤਰ੍ਹਾਂ ਚਾਲੂ ਹੋਣ ਜਾ ਰਹੇ ਹਨ ।
ਮੈਨੇਜਿੰਗ ਡਾਇਰੈਕਟਰ ਨੇ ਦੱਸਿਆ ਕਿ ਕੇਂਦਰੀ ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਨੇ ਮੌਕੇ ਤੇ ਮੌਜੂਦ ਇਕੱਠ ਨੁੰ ਭਰੋਸਾ ਦਵਾਇਆ ਕਿ ਦੁੱਧ ਪ੍ਰਾਸੈਸਿੰਗ ਨੂੰ ਮਜ਼ਬੂਤ ਕਰਨ ਵਾਸਤੇ ਲੋੜੀਦੇ ਢਾਂਚੇ ਲਈ ਅਤੇ ਦੁੱਧ ਦੀ ਗੁਣਵੱਤਾ ਨੂੰ ਵਧਾਉਣ ਵਾਲੀ ਆਧੁਨਿਕ ਤਕਨੀਕਾਂ ਵਾਲੀ ਟੈਕਨੋਲੋਜੀ ਵਾਸਤੇ ਭਾਰਤ ਸਰਕਾਰ ਵਲੋਂ ਅਲੱਗ-ਅਲੱਗ ਸਕੀਮਾਂ ਅਧੀਨ ਉਦਾਰ ਵਿੱਤੀ ਸਹਾਇਤਾ ਦਿੱਤੀ ਜਾਏਗੀ ਤਾਂ ਜੋ ਡੇਅਰੀ ਦਾ ਧੰਦਾ ਹਰ ਪੱਖੋ ਲਾਹੇਵੰਦ ਰਹੇ।
Sukhjinder Randhawa
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮਿਲਕਫੈਡ ਪੰਜਾਬ ਦੀ ਇਸ ਪ੍ਰਾਪਤੀ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਮਿਲਕਫੈਡ ਨੇ ਪੰਜਾਬ ਦੇ ਦੁੱਧ ਦੀ ਪ੍ਰਾਸੈਸਿੰਗ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਡੇਅਰੀ ਦਾ ਧੰਦਾ ਲੱਖਾਂ ਪੇਂਡੂ ਪਰਿਵਾਰਾਂ ਲਈ ਆਮਦਨੀ ਦਾ ਇਕ ਮਹੱਤਵਪੂਰਨ ਸਰੋਤ ਬਣ ਗਿਆ ਹੈ ਅਤੇ ਇਸ ਲਈ ਇਹ ਧੰਦਾ ਪੇਂਡੂ ਭਾਰਤ ਵਿਚ ਰੁਜ਼ਗਾਰ ਸਿਰਜਣ ਵਿਚ ਸਭ ਤੋਂ ਮਹੱਤਵਪੁਰਨ ਭੁਮਿਕਾ ਨਿਭਾ ਰਿਹਾ ਹੈ।
ਮਿਲਕਫੈਡ ਪੰਜਾਬ ਦੁਆਰਾ ਕੀਤੀਆਂ ਗਈਆਂ ਵੱਖ-ਵੱਖ ਆਧੁਨਿਕੀਕਰਨ ਦੀਆਂ ਪਹਿਲਕਦਮੀਆਂ ਦੁੱਧ ਦੀ ਗੁਣਵੱਤਾ ਵਧਾਉਣ ਵਿਚ ਅਤੇ ਡੇਅਰੀ ਉਤਪਾਦਾਂ ਦੇ ਉਤਪਾਦਨ ਨੂੰ ਸਾਫ ਅਤੇ ਸਵੱਛ ਢੰਗ ਨਾਲ ਬਣਾਉਣ ਅਤੇ ਖ਼ਪਤਕਾਰਾਂ ਨੂੰ ਵਾਜਬ ਕੀਮਤਾਂ ਤੇ ਵਧੀਆ ਦੁੱਧ ਉਤਪਾਦ ਮੁਹੱਈਆਂ ਕਰਾਉਣ ਵਿੱਚ ਸਹਾਈ ਹੋ ਰਹੀਆਂ ਹਨ। ਇਸ ਪ੍ਰਕਿਰਿਆ ਨਾਲ ਡੇਅਰੀ ਕਿਸਾਨਾਂ ਨੂੰ ਵਧੀਆ ਲਾਹੇਵੰਦ ਕੀਮਤ ਅਦਾ ਹੋਵੇਗੀ, ਜਿਸ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਡੇਅਰੀ ਫਾਰਮਿੰਗ ਨੂੰ ਵਿਵਹਾਰਕ ਅਤੇ ਟਿਕਾਉ ਧੰਦਾ ਬਣਾਉਣ ਵਿਚ ਮੱਦਦ ਮਿਲੇਗੀ ।
ਉਨ੍ਹਾਂ ਅੱਗੇ ਕਿਹਾ ਕਿ ਮਿਲਕਫੈਡ ਪੰਜਾਬ ਪੇਂਡੂ ਲੋਕਾਂ ਦੀ ਸੁ਼ੱਧ ਰੋਜ਼ਾਨਾ ਆਮਦਨ ਵਿਚ ਵਾਧਾ ਕਰ ਕੇ ਅਤੇ ਕੋਵਿਡ-19 ਮਹਾਂਮਾਰੀ ਤੋਂ ਬਾਅਦ ਕਮਜ਼ੋਰ ਪਈ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਅਤੇ ਪੇਂਡੂ ਲੋਕਾਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਉੱਚਾ ਚੁੱਕਣ ਵਿਚ ਮਹੱਤਵਪੂਰਨ ਅਤੇ ਚੰਗਾ ਯੋਗਦਾਨ ਪਾ ਰਿਹਾ ਹੈ।
ਰੰਧਾਵਾ ਨੇ ਦੱਸਿਆ ਕਿ ਅਜਿਹੀਆਂ ਸਾਰੀਆਂ ਪਹਿਲਕਦਮੀਆਂ ਕਰਕੇ ਮਿਲਕਫੈਡ ਪੰਜਾਬ ਸੂਬੇ ਵਿਚ ਸਿੱਧੇ ਅਤੇ ਅਸਿੱਧੇ ਢੰਗ ਨਾਲ ਰੁਜ਼ਗਾਰ ਪੈਦਾ ਕਰਨ ਵਿਚ ਕਾਮਯਾਬ ਹੋਇਆ ਹੈ ਜਿਸ ਨਾਲ ਪੰਜਾਬ ਦੀ ਡੇਅਰੀ ਲਈ ਆਰਥਿਕਤਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋ ਚੁੱਕੀ ਹੈ।