
ਇਸ ਦੇ ਨਾਲ ਹੀ ਕਿਸਾਨ ਆਗੂ ਨੇ ਜ਼ੀਰਾ ਫੈਕਟਰੀ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਲਾਠੀਚਾਰਜ ਦੀ ਵੀ ਨਿਖੇਧੀ ਕੀਤੀ।
ਚੰਡੀਗੜ੍ਹ: ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਪੰਜਾਬੀ ਗਾਇਕ ਰਣਜੀਤ ਬਾਵਾ ਅਤੇ ਕੰਵਰ ਗਰੇਵਾਲ ਦੇ ਸਮਰਥਨ ਵਿਚ ਆਏ ਹਨ। ਉਹਨਾਂ ਕਿਹਾ ਕਿ ਸਰਕਾਰ ਦੋਵੇਂ ਗਾਇਕਾਂ ਨੂੰ ਇਕੱਲਾ ਸਮਝਣ ਦੀ ਗਲਤੀ ਨਾ ਕਰੇ, ਅਸੀਂ ਹਰ ਤਰ੍ਹਾਂ ਉਹਨਾਂ ਦੇ ਨਾਲ ਖੜਾਂਗੇ। ਇਸ ਦੇ ਨਾਲ ਹੀ ਕਿਸਾਨ ਆਗੂ ਨੇ ਜ਼ੀਰਾ ਫੈਕਟਰੀ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਲਾਠੀਚਾਰਜ ਦੀ ਵੀ ਨਿਖੇਧੀ ਕੀਤੀ।
ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸਹਿਯੋਗ ਦੇਣ ਅਤੇ ਅੰਦੋਲਨ ’ਤੇ ਵਧੀਆ ਗੀਤ ਲਿਖਣ ਵਾਲੇ ਗਾਇਕ ਰਣਜੀਤ ਬਾਵਾ ਅਤੇ ਕੰਵਰ ਗਰੇਵਾਲ ’ਤੇ ਸਰਕਾਰ ਵੱਲੋਂ ਰੇਡ ਕਰਵਾਈ ਗਈ। ਦੋਵੇਂ ਬਹੁਤ ਵਧੀਆ ਇਨਸਾਨ ਹਨ, ਸਰਕਾਰ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਹੈ। ਸਰਕਾਰ ਇਹਨਾਂ ਨੂੰ ਇਕੱਲਾ ਸਮਝਣ ਦੀ ਗਲਤੀ ਨਾ ਕਰੇ, ਅਸੀਂ ਉਹਨਾਂ ਦੇ ਨਾਲ ਖੜਾਂਗੇ। ਉਹਨਾਂ ਨੂੰ ਕਿਸਾਨ ਅੰਦੋਲਨ ਵਿਚ ਸਮਰਥਨ ਦੇਣ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਸਰਕਾਰ ਬੋਲਣ ਵਾਲਿਆਂ ਨੂੰ ਚੁੱਪ ਕਰਵਾਉਣ ਲਈ ਹਰ ਹਥਕੰਡਾ ਅਪਣਾ ਰਹੀ ਹੈ।
ਜ਼ੀਰਾ ਵਿਖੇ ਹੋਏ ਕਿਸਾਨਾਂ ’ਤੇ ਲਾਠੀਚਾਰਜ ਦੀ ਵੀ ਕੀਤੀ ਨਿਖੇਧੀ
ਜ਼ੀਰਾ ਵਿਖੇ ਸ਼ਰਾਬ ਫੈਕਟਰੀ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਹੋਏ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸ਼ਰਾਬ ਫੈਕਟਰੀ ਕਾਰਨ ਉਥੋਂ ਦਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ। ਕਿਸਾਨ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਪ੍ਰਦਰਸ਼ਨ ਕਰ ਰਹੇ ਹਨ। ਹੁਣ ਗੰਦਾ ਪਾਣੀ ਪੀਣ ਨਾਲ ਹਜ਼ਾਰਾਂ ਲੋਕ ਮਰ ਚੁੱਕੇ ਹਨ, ਪੰਜਾਬ ਸਰਕਾਰ ਫੈਕਟਰੀ ਸੰਚਾਲਕ ਖਿਲਾਫ਼ ਕਤਲ ਦੀ ਧਾਰਾ ਤਹਿਤ ਮਾਮਲਾ ਦਰਜ ਕਰੇ।
ਉਹਨਾਂ ਕਿਹਾ ਕਿ ਕਿਸਾਨ ਆਪਣੇ ਹੱਕਾਂ ਲਈ ਲੜ ਰਹੇ ਹਨ, ਜਦਕਿ ਪੰਜਾਬ ਸਰਕਾਰ ਉਹਨਾਂ 'ਤੇ ਲਾਠੀਚਾਰਜ ਕਰ ਰਹੀ ਹੈ। ਇਸ ਦੇ ਨਾਲ-ਨਾਲ ਕਿਸਾਨਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਔਰਤਾਂ ਨੂੰ ਵੀ ਤੰਗ ਕੀਤਾ ਜਾ ਰਿਹਾ ਹੈ। ਚੜੂਨੀ ਨੇ ਕਿਹਾ ਕਿ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਨਾਲ ਹਨ।