ਇਹ ਦੋਵੇਂ ਗਾਇਕ ਕਿਸਾਨ ਅੰਦੋਲਨ ਦੌਰਾਨ ਕਾਫੀ ਸਰਗਰਮ ਸਨ।
ਚੰਡੀਗੜ੍ਹ: ਪੰਜਾਬੀ ਗਾਇਕ ਕੰਵਰ ਗਰੇਵਾਲ ਅਤੇ ਰਣਜੀਤ ਬਾਵਾ ਦੇ ਘਰਾਂ 'ਤੇ ਆਮਦਨ ਕਰ ਵਿਭਾਗ ਦੀ ਕਾਰਵਾਈ ਦੂਜੇ ਦਿਨ ਵੀ ਜਾਰੀ ਹੈ। ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਦੋਵੇਂ ਗਾਇਕਾਂ ਦੇ ਘਰ ਇਕੋ ਸਮੇਂ ਪਹੁੰਚੀਆਂ। ਖਾਸ ਗੱਲ ਇਹ ਹੈ ਕਿ ਇਹ ਦੋਵੇਂ ਗਾਇਕ ਕਿਸਾਨ ਅੰਦੋਲਨ ਦੌਰਾਨ ਕਾਫੀ ਸਰਗਰਮ ਸਨ।ਮਿਲੀ ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਦੀ ਟੀਮ ਸੋਮਵਾਰ ਸਵੇਰੇ ਮੋਹਾਲੀ ਦੇ ਸੈਕਟਰ 104 ਸਥਿਤ ਕੰਵਰ ਗਰੇਵਾਲ ਦੇ ਘਰ ਪਹੁੰਚੀ ਸੀ।
ਸੀਆਰਪੀਐਫ ਦੇ ਜਵਾਨ ਵੀ ਟੀਮ ਦੇ ਨਾਲ ਸਨ। ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਕਿਸੇ ਨੂੰ ਵੀ ਘਰ ਦੇ ਅੰਦਰ ਜਾਣ ਅਤੇ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਇਨਕਮ ਟੈਕਸ ਵਿਭਾਗ ਦੀ ਟੀਮ ਸੋਮਵਾਰ ਤੋਂ ਰਣਜੀਤ ਬਾਵਾ ਦੇ ਬਟਾਲਾ ਸਥਿਤ ਘਰ ਅਤੇ ਮੁਹਾਲੀ ਸਥਿਤ ਘਰ ਤੇ ਦਫਤਰ 'ਤੇ ਵੀ ਕਾਰਵਾਈ ਕਰ ਰਹੀ ਹੈ। ਇੱਥੇ ਵੀ ਵਿਭਾਗ ਵੱਲੋਂ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਕਈ ਦਸਤਾਵੇਜ਼ ਜ਼ਬਤ ਕੀਤੇ ਜਾਣ ਦੀ ਵੀ ਖ਼ਬਰ ਹੈ।
ਇਨਕਮ ਟੈਕਸ ਦੀਆਂ ਟੀਮਾਂ ਨੇ ਰਣਜੀਤ ਬਾਵਾ ਦੇ ਪੀਏ ਅਤੇ ਦੋਸਤ ਡਿਪਟੀ ਵੋਹਰਾ ਦੇ ਘਰ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਨਾ ਤਾਂ ਦੋਵਾਂ ਗਾਇਕਾਂ ਦਾ ਬਿਆਨ ਸਾਹਮਣੇ ਆਇਆ ਹੈ ਅਤੇ ਨਾ ਹੀ ਦੋਵਾਂ ਨਾਲ ਕੋਈ ਸੰਪਰਕ ਹੋਇਆ ਹੈ। ਇਸ ਦੌਰਾਨ ਦੋਵਾਂ ਦੇ ਕੁਝ ਕਰੀਬੀ ਰਿਸ਼ਤੇਦਾਰ ਸਾਹਮਣੇ ਆਏ ਹਨ, ਜਿਨ੍ਹਾਂ ਨੇ ਗਾਇਕ ਕੰਵਰ ਗਰੇਵਾਲ ਅਤੇ ਰਣਜੀਤ ਬਾਵਾ ਨੂੰ ਬਦਨਾਮ ਕਰਨ ਦੇ ਦੋਸ਼ ਲਾਏ ਹਨ। ਸੋਸ਼ਲ ਮੀਡੀਆ ’ਤੇ ਲੋਕ ਇਸ ਕਾਰਵਾਈ ਨੂੰ ਦਿੱਲੀ ਦੇ ਕਿਸਾਨ ਅੰਦੋਲਨ ਨਾਲ ਵੀ ਜੋੜ ਕੇ ਵੀ ਦੇਖ ਰਹੇ ਹਨ।