
ਪੰਜਾਬ ਨਸ਼ਿਆਂ ਦੀ ਤਸਕਰੀ ਵਿਚ ਵੀ ਅੱਗੇ ਹੈ ਅਤੇ ਅੱਜ ਸੂਬੇ ਵਿਚ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ
ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਸੰਸਦ ਵਿਚ ਨਸ਼ਿਆਂ ਦੀ ਸਮੱਸਿਆ 'ਤੇ ਚਰਚਾ ਦੀ ਅਗਵਾਈ ਕੀਤੀ। ਆਪਣੇ ਭਾਸ਼ਣ ਵਿਚ ਸੰਸਦ ਮੈਂਬਰ ਨੇ ਕੇਂਦਰ ਨੂੰ ਇਸ ਮਾਮਲੇ ਬਾਰੇ ਜਾਣੂ ਕਰਵਾਇਆ ਅਤੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਵਿਰੋਧੀਆਂ 'ਤੇ ਵੀ ਨਿਸ਼ਾਨਾ ਸਾਧਿਆ।
ਆਪਣੇ ਭਾਸ਼ਣ 'ਚ ਹਰਸਿਮਰਤ ਬਾਦਲ ਨੇ ਕਿਹਾ, “ਪੰਜਾਬ ਇੱਕ ਬਲਦਾ ਅਤੇ ਧੂੰਏਂ ਵਾਲਾ ਜੁਆਲਾਮੁਖੀ ਬਣਦਾ ਜਾ ਰਿਹਾ ਹੈ। ਜੇਕਰ ਇਸ 'ਤੇ ਕਾਬੂ ਨਾ ਪਾਇਆ ਗਿਆ ਤਾਂ ਹਾਲਾਤ ਹੋਰ ਖ਼ਰਾਬ ਹੋ ਜਾਣਗੇ। ਹਰਸਿਮਰਤ ਬਾਦਲ ਨੇ ਕਿਹਾ 2014 ਤੋਂ ਜਦੋਂ ਪੰਜਾਬ ਵਿਚ ਇਕ ਨਵੀਂ ਪਾਰਟੀ ਨੇ ਜਨਮ ਲਿਆ ਤਾਂ ਪੰਜਾਬ ਵਿਚ ਉਹ ਕੁੱਝ ਵੀ ਹੋਇਆ ਜੋ ਕਦੇ ਪੰਜਾਬੀਆਂ ਨੇ ਸੋਚਿਆ ਵੀ ਨਹੀਂ ਹੋਣਾ ਤੇ ਕਰਨ ਦੀ ਗੱਲ ਤਾਂ ਦੂਰ ਦੀ ਹੈ।
ਉਹਨਾਂ ਅਪਣੀ ਸਰਕਾਰ ਦੀ ਗੱਲ ਕਰਦਿਆਂ ਕਿਹਾ ਕਿ ਉਹਨਾਂ ਦੀ ਸਰਕਾਰ ਵੇਲੇ ਤਾਂ ਪੰਜਾਬ ਹਰ ਪੱਖੋ ਇਕ ਨੰਬਰ 'ਤੇ ਸੀ ਲੋਕਾਂ ਨੂੰ ਸਭ ਕੁੱਝ ਮਿਲਦਾ ਸੀ ਤੇ ਆਟਾ ਦਲ ਸਕੀਮ ਵੀ ਉਹਨਾਂ ਦੀ ਪਾਰਟੀ ਵੱਲੋਂ ਹੀ ਸ਼ੁਰੂ ਕੀਤੀ ਗਈ ਸੀ। ਉਹਨਾਂ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਨੇ 5 ਸਾਲ ਸੱਤਾ ਭੋਗੀ ਤੇ 2-2 ਮੁੱਖ ਮੰਤਰੀ ਬਣੇ ਪਰ ਪੰਜਾਬ ਵਿਚ ਕੁੱਝ ਵੀ ਨਹੀਂ ਸੁਧਾਰਿਆ ਗਿਆ।
ਉਹਨਾਂ ਕਿਹਾ ਕਿ ਇਸ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਕੀਤੀ ਪਰ ਨੌਜਵਾਨਾਂ ਨੂੰ ਤਾਂ ਨੌਕਰੀ ਮਿਲੀ ਨਹੀਂ ਪਰ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਜ਼ਰੂਰ ਨੌਕਰੀ ਮਿਲ ਗਈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਦੀ ਸਰਕਾਰ ਆਉਣ ‘ਤੇ ਚਾਰ ਹਫਤਿਆਂ ‘ਚ ਨਸ਼ੇ ਦੀ ਸਮੱਸਿਆ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਅਜਿਹਾ ਕੁਝ ਨਹੀਂ ਹੋਇਆ, ਸਗੋਂ ਨਸ਼ੇ ਨੂੰ ਹਰ ਗਲੀ ਅਤੇ ਹਰ ਘਰ ਤੱਕ ਪਹੁੰਚਾਇਆ ਗਿਆ ਹੈ।
ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਨਸ਼ਿਆਂ ਦੀ ਤਸਕਰੀ ਵਿਚ ਵੀ ਅੱਗੇ ਹੈ ਅਤੇ ਅੱਜ ਸੂਬੇ ਵਿਚ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਜੇਕਰ ਇਸ ਸਥਿਤੀ 'ਤੇ ਕਾਬੂ ਨਾ ਪਾਇਆ ਗਿਆ ਤਾਂ ਪੰਜਾਬ ਗ੍ਰਹਿ ਯੁੱਧ ਦੇ ਕੰਢੇ ਪਹੁੰਚ ਸਕਦਾ ਹੈ।