
ਪਿੰਡਾਂ ਵਿਚ ਜ਼ਿਆਦਾਤਰ ਲੋਕ ਅਨਪੜ੍ਹ ਹਨ ਉਨ੍ਹਾਂ ਨੂੰ ਨਾ ਤਾਂ ਅੰਗਰੇਜ਼ੀ ਆਉਂਦੀ ਹੈ ਤੇ ਨਾ ਹਿੰਦੀ...
ਨਵੀਂ ਦਿੱਲੀ- ਸਰਦ ਰੁੱਤ ਦੇ ਇਜਲਾਸ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਸਦ ਵਿਚ ਬੈਕਿੰਗ ਸੈਕਟਰਾਂ ’ਚ ਪੰਜਾਬੀ ਭਾਸ਼ਾ ’ਚ ਫਾਰਮ ਮੁਹੱਈਆ ਕਰਵਾਉਣ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਜਿੰਨੇ ਵੀ ਬੈਕਿੰਗ ਸੈਕਟਰ ਹਨ ਉਨ੍ਹਾਂ ਸਾਰਿਆਂ ’ਚ ਅੰਗਰੇਜ਼ੀ ਤੇ ਹਿੰਦੀ ’ਚ ਫਾਰਮ ਭਰਨ ਨੂੰ ਦਿੱਤੇ ਜਾਂਦੇ ਹਨ। ਪਿੰਡਾਂ ਵਿਚ ਜ਼ਿਆਦਾਤਰ ਲੋਕ ਅਨਪੜ੍ਹ ਹਨ ਉਨ੍ਹਾਂ ਨੂੰ ਨਾ ਤਾਂ ਅੰਗਰੇਜ਼ੀ ਆਉਂਦੀ ਹੈ ਤੇ ਨਾ ਹਿੰਦੀ। ਅਜਿਹੇ ’ਚ ਉਨ੍ਹਾਂ ਲੋਕਾਂ ਨੂੰ ਆਪਣੇ ਫਾਰਮ ਵੀ ਹੋਰਾਂ ਤੋਂ ਭਰਵਾਉਣੇ ਪੈਂਦੇ ਹਨ ਤੇ ਉਨ੍ਹਾਂ ਨੂੰ ਆਪਣਾ ਓਟੀਪੀ ਵੀ ਸਾਂਝਾ ਕਰਨਾ ਪੈਂਦਾ ਹੈ।
ਇੱਥੇ ਉਨ੍ਹਾਂ ਦੀ ਨਿੱਝਤਾ ਦਾ ਸਵਾਲ ਪੈਦਾ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ’ਚ ਫਾਰਮ ਮਿਲਣੇ ਚਾਹੀਦੇ ਹਨ। ਜਿਹੜਾ ਉਨ੍ਹਾਂ ਦਾ ਅਧਿਕਾਰ ਵੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਭਰੋਸਾ ਦਿੱਤਾ ਕਿ ਸਰਕਾਰ ਇਸ ’ਤੇ ਲਗਾਤਾਰ ਕੰਮ ਕਰ ਰਹੀ ਹੈ। ਜਲਦ ਹੀ ਪੰਜਾਬੀ ਵਿਚ ਫਾਰਮ ਮੁਹੱਈਆ ਕਰਵਾਏ ਜਾਣਗੇ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਸਦ ਵਿੱਚ ਪੰਜਾਬੀ ਭਾਸ਼ਾ ਵਿੱਚ ਦਸਤਾਵੇਜ਼ ਦਿੱਤੇ ਜਾਣ ਦਾ ਮੁੱਦਾ ਚੁੱਕਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸੰਸਦ ’ਚ ਪੰਜਾਬੀ ਭਾਸ਼ਾ ਚ ਦਸਤਾਵੇਜ਼ ਮੁਹੱਈਆ ਕਰਵਾਏ ਗਏ ਸਨ।