
ਅਣਪਛਾਤੇ ਪਿਕਅਪ ਚਾਲਕ ਨੇ ਮਾਰੀ ਸੀ ਮੋਟਰਸਾਈਕਲ ਨੂੰ ਟੱਕਰ
ਫਾਜ਼ਿਲਕਾ : ਸਥਾਨਕ ਪਿੰਡ ਖਰਾਸ ਵਾਲੀ ਢਾਣੀ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿਚ ਤਿੰਨ ਮਾਸੂਮ ਭੈਣਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਦੌਰਾਨ ਮਾਸੂਮ ਧੀਆਂ ਦਾ ਪਿਤਾ ਸੁਲਤਾਨ ਸਿੰਘ ਵੀ ਜ਼ਖ਼ਮੀ ਹੋ ਗਿਆ ਹੈ ਪਰ ਉਸ ਦੀ ਜਾਨ ਬਚ ਗਈ ਹੈ।ਜ਼ਖਮੀਆਂ ਨੂੰ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਦਾਖਲ ਕਰਵਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸੁਲਤਾਨ ਸਿੰਘ ਵਾਸੀ ਢਾਣੀ ਖ਼ਰਾਸ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ ਸਾਢੇ ਸੱਤ ਵਜੇ ਉਹ ਆਪਣੀਆਂ ਤਿੰਨ ਧੀਆਂ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ ਕਿ ਰਸਤੇ ਵਿਚ ਇੱਕ ਅਣਪਛਾਤੇ ਪਿਕਅਪ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਖੁਦ ਮੌਕੇ ਤੋਂ ਫਰਾਰ ਹੋ ਗਿਆ।
ਸੁਲਤਾਨ ਸਿੰਘ ਨੇ ਦੱਸਿਆ ਕਿ ਇਸ ਭਿਆਨਕ ਹਾਦਸੇ ਵਿਚ ਉਸ ਦੀਆਂ ਧੀਆਂ ਸਿਮਰਨਜੀਤ ਕੌਰ (9), ਕੁਲਵਿੰਦਰ ਕੌਰ (7) ਤੇ ਮੀਰਾ ਰਾਣੀ (2) ਜ਼ਖ਼ਮੀ ਹੋ ਗਈਆਂ। ਰਾਹਗੀਰਾਂ ਨੇ ਚਾਰੋਂ ਜਣਿਆਂ ਨੂੰ ਜ਼ਖ਼ਮੀ ਹਾਲਤ ਵਿੱਚ ਫਾਜ਼ਿਲਕਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਕੁਲਵਿੰਦਰ ਕੌਰ ਦੀ ਮੌਤ ਹੋ ਗਈ। ਡਾਕਟਰਾਂ ਵੱਲੋਂ ਸਿਮਰਨਜੀਤ ਅਤੇ ਮੀਰਾ ਰਾਣੀ ਨੂੰ ਫ਼ਰੀਦਕੋਟ ਹਸਪਤਾਲ ਭੇਜ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੋਹਾਂ ਦੀ ਵੀ ਮੌਤ ਹੋ ਗਈ।
ਇਸ ਹਾਦਸੇ ਦੀ ਜਾਣਕਾਰੀ ਮਿਲਦਿਆਂ ਥਾਣਾ ਸਦਰ ਫਾਜ਼ਿਲਕਾ ਦੀ ਪੁਲਿਸ ਨੇ ਸੁਲਤਾਨ ਸਿੰਘ ਦੇ ਬਿਆਨ ’ਤੇ ਅਣਪਛਾਤੇ ਪਿਕਅਪ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।