
ਸ਼ਹਿਰ ਦੇ ਰਿਹਾਇਸ਼ੀ ਖ਼ੇਤਰ ’ਚ ਵਾਪਰੀ ਚੋਰੀ ਦੀ ਘਟਨਾ ਕਰ ਕੇ ਲੋਕਾਂ ’ਚ ਦਹਿਸ਼ਤ ਫੈਲੀ ਹੋਈ ਹੈ
ਡੇਰਾਬੱਸੀ- ਬਰਵਾਲਾ ਚੌਂਕ ਤੋਂ ਅਨਾਜ ਮੰਡੀ ਨੂੰ ਜਾਂਦੀ ਸੜਕ ’ਤੇ ਸਥਿਤ ਇਕ ਕਰਿਆਨੇ ਦੀ ਦੁਕਾਨ ’ਚੋਂ 2 ਮੋਟਰਸਾਈਕਲ ਸਵਾਰ ਦਿਨ ਦਿਹਾੜੇ ਘਿਓ ਦਾ ਪੀਪਾ ਚੋਰੀ ਕਰ ਕੇ ਫਰਾਰ ਹੋ ਗਏ।
ਮੋਟਰਸਾਈਕਲ ਸਵਾਰਾਂ ਵਲੋਂ ਘਿਓ ਦੇ ਦੋ ਪੀਪੇ ਚੋਰੀ ਕੀਤੇ ਸਨ, ਜਿਨ੍ਹਾਂ ਕੋਲੋਂ ਭੱਜਦੇ ਹੋਏ ਇਕ ਘਿਓ ਦਾ ਪੀਪਾ ਰਾਹ ’ਚ ਹੀ ਡਿੱਗ ਗਿਆ। ਸ਼ਹਿਰ ਦੇ ਰਿਹਾਇਸ਼ੀ ਖ਼ੇਤਰ ’ਚ ਵਾਪਰੀ ਚੋਰੀ ਦੀ ਘਟਨਾ ਕਰ ਕੇ ਲੋਕਾਂ ’ਚ ਦਹਿਸ਼ਤ ਫੈਲੀ ਹੋਈ ਹੈ। ਜਾਣਕਾਰੀ ਦਿੰਦੇ ਅਗਰਵਾਲ ਡਿਪਾਰਟਮੈਂਟਲ ਸਟੋਰ ਦੇ ਮਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 11 ਵਜੇ ਉਹ ਰੋਜ਼ਾਨਾ ਵਾਂਗ ਦੁਕਾਨ ਖੋਲ੍ਹ ਕੇ ਬੈਠੇ ਸਨ ਇਸ ਦੌਰਾਨ 2 ਮੋਟਰਸਾਈਕਲ ਸਵਾਰ ਨੌਜਵਾਨ ਆਏ ਅਤੇ ਦੁਕਾਨ ’ਤੇ ਪਏ ਘਿਓ ਦੇ 2 ਪੀਪੇ ਚੋਰੀ ਕਰ ਫਰਾਰ ਹੋਣ ਲੱਗੇ। ਜਲਦਬਾਜ਼ੀ ’ਚ ਚੋਰਾਂ ਕੋਲੋਂ ਇਕ ਘਿਓ ਦਾ ਪੀਪਾ ਕੁੱਝ ਦੂਰ ਜਾਂਦੇ ਹੀ ਡਿੱਗ ਪਿਆ ਅਤੇ ਇੱਕ ਪੀਪਾ ਚੋਰ ਲੈ ਕੇ ਫਰਾਰ ਹੋ ਗਏ।
ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਦਿਨ ਦਿਹਾੜੇ ਅਜਿਹੀ ਵਾਰਦਾਤਾਂ ਹੋ ਰਹੀਆਂ ਹਨ, ਜਿਸ ਨੂੰ ਵੇਖ ਕੇ ਜਾਪਦਾ ਹੈ ਕਿ ਚੋਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਰਿਹਾ।