
ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਸਾਥੀਆਂ ਸਮੇਤ ਦਿਤੇ ਅਸਤੀਫ਼ੇ
ਸੁਨਾਮ ਊਧਮ ਸਿੰਘ ਵਾਲਾ : ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਸਿਧਾਂਤਕ ਮੁੱਦਿਆਂ ਨੂੰ ਲੈ ਕੇ ਢੀਂਡਸਾ ਪਿਉ-ਪੁੱਤਰ ਜੋੜੀ ਵਲੋਂ ਖੜ੍ਹੀ ਕੀਤੀ ਸਿਧਾਂਤਕ ਲਹਿਰ ਦਾ ਕਾਫ਼ਲਾ ਮੋਕਲਾ ਹੁੰਦਾ ਜਾ ਰਿਹਾ ਹੈ। ਇਸੇ ਤਹਿਤ ਅੱਜ ਜ਼ਿਲ੍ਹਾ ਪ੍ਰਧਾਨਾਂ ਨੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ੇ ਦੇ ਕੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨਾਲ ਖੜ੍ਹਨ ਦਾ ਐਲਾਨ ਕੀਤਾ ਹੈ।
Photo
ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਪ੍ਰਿਤਪਾਲ ਸਿੰਘ ਹਾਂਡਾ, ਇਸਤਰੀ ਅਕਾਲੀ ਦੀ ਜ਼ਿਲ੍ਹਾ ਪ੍ਰਧਾਨ ਸੁਨੀਤਾ ਸ਼ਰਮਾ ਅਤੇ ਸਰਕਲ ਸ਼ਹਿਰੀ ਸੁਨਾਮ ਦੇ ਪ੍ਰਧਾਨ ਗੁਰਚਰਨ ਸਿੰਘ ਧਾਲੀਵਾਲ ਨੇ ਸਾਥੀਆਂ ਸਮੇਤ ਪ੍ਰਧਾਨਗੀ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਅਕਾਲੀ ਦਲ ਨੂੰ ਵੱਡਾ 'ਧੋਬੀ ਪੱਟਕਾ' ਦਿਤਾ ਹੈ।
Photo
ਇਥੇ ਪਾਰਟੀ ਦਫ਼ਤਰ ਵਿਖੇ ਭਾਰੀ ਗਿਣਤੀ ਵਿਚ ਇਕੱਤਰ ਹੋਏ ਢੀਂਡਸਾ ਸਮਰਥਕ ਅਕਾਲੀ ਆਗੂਆਂ ਅਤੇ ਵਰਕਰਾਂ ਦੀ ਮੌਜੂਦਗੀ ਵਿਚ ਅਹੁਦਿਆਂ ਤੋਂ ਅਸਤੀਫ਼ੇ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਜਥੇਦਾਰ ਪ੍ਰਿਤਪਾਲ ਸਿੰਘ ਹਾਂਡਾ, ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸੁਨੀਤਾ ਸ਼ਰਮਾ ਅਤੇ ਸਰਕਲ ਸ਼ਹਿਰੀ ਸੁਨਾਮ ਦੇ ਪ੍ਰਧਾਨ ਗੁਰਚਰਨ ਸਿੰਘ ਧਾਲੀਵਾਲ ਨੇ ਕਿਹਾ ਕਿ ਮੌਜੂਦਾ ਸਮੇਂ ਅਕਾਲੀ ਦਲ ਇਕ ਪਰਵਾਰ ਦੀ ਜਾਗੀਰ ਬਣ ਕੇ ਰਹਿ ਗਿਆ ਹੈ।
Photo
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਮੁੜ ਸਿਧਾਂਤਕ ਲੀਹਾਂ 'ਤੇ ਲਿਆਉਣ ਲਈ ਸੀਨੀਅਰ ਅਕਾਲੀ ਆਗੂਆਂ ਸੁਖਦੇਵ ਸਿੰਘ ਢੀਂਡਸਾ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸਿਆਸੀ ਅਹੁਦਿਆਂ ਦੇ ਲਾਲਚ ਤਿਆਗ ਕੇ ਝੰਡਾ ਬੁਲੰਦ ਕੀਤਾ ਹੈ।
Photo
ਉਕਤ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਤਾਨਾਸ਼ਾਹੀ ਸੋਚ ਕਾਰਨ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਤੋਂ ਮੁਅੱਤਲ ਕਰ ਕੇ ਗ਼ੈਰ ਵਾਜਬ ਕਦਮ ਚੁਕਿਆ ਹੈ। ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫ਼ੇ ਦੇ ਚੁੱਕੇ ਆਗੂਆਂ ਨੇ ਕਿਹਾ ਕਿ ਉਹ ਢੀਂਡਸਾ ਪਰਵਾਰ ਨਾਲ ਡਟ ਕੇ ਖੜ੍ਹੇ ਹਨ।
Photo
ਇਸ ਮੌਕੇ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਵਾਲਿਆਂ ਵਿਚ ਪ੍ਰਿੰਸੀਪਲ ਗੁਰਚਰਨ ਸਿੰਘ ਹਰੀਕਾ, ਸ਼ਵਿੰਦਰ ਸਿੰਘ ਆਨੰਦ, ਯਾਦਵਿੰਦਰ ਸਿੰਘ ਨਿਰਮਾਣ, ਬਾਵਾ ਸਿੰਘ, ਪਰਮਿੰਦਰ ਸਿੰਘ ਜਾਰਜ਼, ਗੁਰਨਾਮ ਸਿੰਘ, ਚਮਕੌਰ ਸਿੰਘ ਮੋਰਾਂਵਾਲੀ, ਲਖਵਿੰਦਰ ਸਿੰਘ ਲੀਲਾ, ਨਰਿੰਦਰ ਸਿੰਘ ਨੀਨਾ, ਮਨਜੀਤ ਕੌਰ ਸਮੇਤ ਹੋਰ ਆਗੂ ਹਾਜ਼ਰ ਸਨ।