
ਧਰਤੀ ਮਾਤਾ ਭਾਜਪਾ ਨੂੰ ਕਦੇ ਮਾਫ਼ ਨਹੀਂ ਕਰੇਗੀ : ਕੁਮਾਰੀ ਸ਼ੈਲਜਾ
ਕਿਹਾ, ਭਾਜਪਾ ਦਾ ਹੰਕਾਰ ਅਸਮਾਨ 'ਤੇ ਹੈ
ਚੰਡੀਗੜ੍ਹ, 20 ਜਨਵਰੀ (ਸੁਰਜੀਤ ਸਿੰਘ ਸੱਤੀ) : ਹਰਿਆਣਾ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਕਿਹਾ ਹੈ ਕਿ ਇਹ ਧਰਤੀ ਮਾਤਾ ਭਾਜਪਾ ਨੂੰ ਕਦੇ ਮਾਫ਼ ਨਹੀਂ ਕਰੇਗੀ, ਕਿਉਂਕਿ ਇਸ ਨੂੰ ਭੁੱਲ ਜਾਣਾ ਵੱਡਾ ਅਪਰਾਧ ਹੁੰਦਾ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਭਾਜਪਾ ਇਹ ਅਪਰਾਧ ਕਰ ਰਹੀ ਹੈ | ਕਿਸਾਨ ਤੇ ਮਜਦੂਰ ਦੇਸ਼ ਦੀ ਰੀੜ੍ਹ ਦੀ ਹੱਡ ਹੈ, ਜੇਕਰ ਕਿਸਾਨ ਕਮਜੋਰ ਹੋਵੇਗਾ ਤਾਂ ਦੇਸ ਅੱਗੇ ਨਹੀਂ ਵਧ ਸਕੇਗਾ |
ਸੈਲਜਾ ਨੇ ਇਹ ਬਿਆਨ ਹਿਸਾਰ ਵਿਖੇ ਬਾੜੋ ਪੱਟੀ ਟੋਲ ਪਲਾਜ਼ਾ ਅਤੇ ਜੀਂਦ ਸਥਿਤ ਨਰਵਾਣਾ ਟੋਲ ਪਲਾਜ਼ਾ 'ਤੇ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਹੀ | ਪਾਰਟੀ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਇਸ ਸਰਕਾਰ ਦੇ ਕਾਲੇ ਕਾਨੂੰਨਾਂ ਵਿਰੁਧ ਅੱਜ ਇਸ ਕੜਾਕੇ ਦੀ ਠੰਢ ਵਿਚ ਕਿਸਾਨ ਤੇ ਮਜ਼ਦੂਰ ਸੜ੍ਹਕਾਂ 'ਤੇ ਬੈਠਣ ਲਈ ਮਜਬੂਰ ਹੋ ਗਿਆ ਹੈ | ਇਹ ਕੋਈ ਰਾਜਸੀ ਅੰਦੋਲਨ ਨਹੀਂ ਹੈ, ਜਿਵੇਂ ਕਿ ਭਾਜਪਾ ਭਰਮ ਫੈਲਾ ਰਹੀ ਹੈ | ਕਿਸਾਨ ਅਤੇ ਮਜ਼ਦੂਰ ਅਪਣਾ ਨਫ਼ਾ ਨੁਕਸਾਨ ਜਾਣਦੇ ਹਨ ਤੇ ਇਹ ਲੋਕਾਂ ਦਾ ਅਪਣਾ ਜਨ ਅੰਦੋਲਨ ਹੈ | ਸੈਲਜਾ ਨੇ ਕਿਹਾ ਕਿ ਕਾਂਗਰਸ ਰਾਜਨੀਤਿਕ ਪਾਰਟੀ ਹੋਣ ਦੇ ਨਾਤੇ ਆਪਣਾ ਫ਼ਰਜ ਨਿਭਾਅ ਰਹੀ ਹੈ ਤੇ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਦੇ ਵਿਰੁਧ ਰਾਜਸੀ ਲੜਾਈ ਲੜ ਰਹੀ ਹੈ | ਸ਼ੈਲਜਾ ਨੇ ਕਿਹਾ ਕਿ ਕਾਂਗਰਸ ਵੇਲੇ ਵੀ ਕਿਸਾਨ ਤੇ ਮਜ਼ਦੂਰ ਮੰਗਾਂ ਚੁੱਕਦੇ ਸੀ ਤੇ ਉਨ੍ਹਾਂ ਦੀ ਗੱਲ ਸੁਣੀ ਜਾਂਦੀ ਸੀ ਤੇ ਮੰਗ ਪੂਰੀ ਵੀ ਕੀਤੀ ਜਾਂਦੀ ਸੀ ਪਰ ਇਸ ਭਾਜਪਾ ਸਰਕਾਰ ਦਾ ਹੰਕਾਰ ਅਸਮਾਨੀ ਚੜਿ੍ਹਆ ਹੋਇਆ ਹੈ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਕਹਿੰਦੀ ਹੈ ਕਿ ਉਹ ਝੁਕੇਗੀ ਨਹੀਂ ਤੇ ਇਹ ਹੰਕਾਰ ਹੀ ਹੈ ਤੇ ਜੇਕਰ ਕਿਸਾਨ ਤੇ ਮਜ਼ਦੂਰ ਦੁਖੀ ਹੋਵੇਗਾ ਤਾਂ ਭਾਜਪਾ ਦੇ ਦਿਨ ਲੱਥ ਜਾਣਗੇ | ਧਰਨਿਆਂ 'ਤੇ ਸੈਲਜਾ ਤੋਂ ਇਲਾਵਾ ਕਾਂimageਗਰਸ ਜਨਰਲ ਸਕੱਤਰ ਡਾਕਟਰ ਅਜੈ ਚੌਧਰੀ, ਮੁੱਖ ਬੁਲਾਰੇ ਬਜਰੰਗ ਦਾਸ ਗਰਗ, ਲੀਗਲ ਸੈੱਲ ਵਿਭਾਗ ਦੇ ਚੇਅਰਮੈਨ ਲਾਲ ਬਹਾਦੁਰ, ਭੁਪਿੰਦਰ ਗੰਗਵਾ, ਰਾਮ ਨਿਵਾਸ ਰਾੜਾ, ਰਾਜਿੰਦਰ ਸੂਰਾ, ਜਗਨਨਾਥ, ਬਾਲਾ ਦੇਵੀ ਖੇਦੜ, ਵੀਰਮਤੀ ਆਦਿ ਵੀ ਮੌਜੂਦ ਰਹੇ |