
ਲਾਪਤਾ 328 ਸਰੂਪਾਂ ਦੇ ਇਨਸਾਫ਼ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜ ਤਖ਼ਤਾਂ ਦੀ ਪੈਦਲ ਯਾਤਰਾ ਕੀਤੀ ਸ਼ੁਰੂ
ਅੰਮ੍ਰਿਤਸਰ, 21 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਜ਼ਿਸ਼ ਤਹਿਤ ਲਾਪਤਾ ਕੀਤੇ ਗਏ 328 ਪਾਵਨ ਸਰੂਪਾਂ ਦੇ ਇਨਸਾਫ਼ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਵਾਜ਼ ਬੁਲੰਦ ਕਰਨ ਲਈ ਭਾਈ ਹਰਮਿੰਦਰ ਸਿੰਘ ਪਾਇਲ ਵਲੋਂ ਅੱਜ ਪੰਜ ਤਖ਼ਤਾਂ ਦੀ ਸਤਵੀਂ ਪੈਦਲ ਯਾਤਰਾ ਅਰੰਭ ਕੀਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਭਾਈ ਬਲਬੀਰ ਸਿੰਘ ਮੁੱਛਲ, ਜਥਾ ਸਿਰਲੱਥ ਖ਼ਾਲਸਾ ਦੇ ਜਥੇਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੁਖੀ ਪ੍ਰੋਫ਼ੈਸਰ ਬਲਜਿੰਦਰ ਸਿੰਘ, ਭਾਈ ਸਤਨਾਮ ਸਿੰਘ ਝੰਜੀਆਂ ਅਤੇ ਬੀਬੀ ਮਨਿੰਦਰ ਕੌਰ ਵਲੋਂ ਭਾਈ ਹਰਮਿੰਦਰ ਸਿੰਘ ਪਾਇਲ ਨੂੰ ਖ਼ਾਲਸਾਈ ਜੈਕਾਰਿਆਂ ਦੀ ਭਰਵੀਂ ਗੂੰਜ ’ਚ ਸਿਰੋਪਾਉ ਪਾ ਕੇ ਸਨਮਾਨਤ ਕਰਦਿਆਂ ਰਵਾਨਾ ਕੀਤਾ ਗਿਆ। ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਲਈ ਸਰਕਾਰਾਂ ਬਿਲਕੁਲ ਵੀ ਗੰਭੀਰ ਨਹੀਂ ਹਨ ਤੇ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਕਮੇਟੀ ਨੇ ਪਾਵਨ ਸਰੂਪ ਗਾਇਬ ਕਰਨ ਵਾਲੇ ਦੋਸ਼ੀਆਂ ’ਤੇ ਪਰਚੇ ਦਰਜ ਨਹੀਂ ਕਰਵਾਏ ਉਲਟਾ ਇਨਸਾਫ਼ ਮੰਗਦੇ ਗੁਰਸਿੱਖਾਂ ’ਤੇ ਜ਼ੁਲਮ-ਤਸ਼ੱਦਦ ਢਾਹਿਆ। ਡੇਢ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਇਹ ਨਹੀਂ ਦਸਿਆ ਕਿ ਪਾਵਨ ਸਰੂਪ ਕਿਸ ਨੂੰ, ਕਿਸ ਦੇ ਕਹਿਣ ’ਤੇ, ਕਿਉਂ ਅਤੇ ਕਿਥੇ ਦਿਤੇ, ਹੁਣ ਪਾਵਨ ਸਰੂਪਾਂ ਕਿਹੜੇ ਹਲਾਤਾਂ ’ਚ ਹਨ। ਆਗੂਆਂ ਨੇ ਕਿਹਾ ਕਿ ਪਾਵਨ ਸਰੂਪਾਂ ਦੇ ਮਾਮਲੇ ’ਚ ਸ਼੍ਰੋਮਣੀ ਕਮੇਟੀ ਨੇ ਸੰਗਤਾਂ ਨੂੰ ਇਨਸਾਫ਼ ਨਾ ਦੇ ਕੇ ਅਪਣੇ ’ਤੇ ਇਤਿਹਾਸਕ ਕਲੰਕ ਲਵਾ ਲਿਆ ਹੈ ਤੇ ਉਹ ਇਨਸਾਫ਼ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ।
ਉਨ੍ਹਾਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਪਾਵਨ ਸਰੂਪ ਦੇ ਮਾਮਲੇ ‘ਚ ਹਿਸਾਬ ਨਾ ਦੇਣ ਵਾਲੇ ਬਾਦਲਕਿਆਂ ਨੂੰ ਥਾਂ-ਥਾਂ ’ਤੇ ਘੇਰ ਕੇ ਜਵਾਬਤਲਬੀ ਕੀਤੀ ਜਾਵੇ। ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਵਾ ਕੇ ਚੰਗੇ ਗੁਰਸਿੱਖਾਂ ਹੱਥ ਪ੍ਰਬੰਧ ਸੌਂਪਣ ਦੀ ਲੋੜ ਹੈ। ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਰਿਹਾਅ ਤੁਰੰਤ ਕੀਤਾ ਜਾਵੇ, ਨਹੀਂ ਤਾਂ ਕੇਜਰੀਵਾਲ ਤੇ ਭਾਜਪਾਈਆਂ ਨੂੰ ਘੇਰਿਆ ਜਾਏਗਾ।
ਕੈਪਸ਼ਨ ਏ ਐਸ ਆਰ ਬਹੋੜੂ-21-3 : ਭਾਈ ਹਰਮਿੰਦਰ ਸਿੰਘ ਪਾਇਲ ਨੂੰ ਰਵਾਨਾ ਕਰਨ ਸਮੇਂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਬਲਬੀਰ ਸਿੰਘ ਮੁੱਛਲ, ਦਿਲਬਾਗ ਸਿੰਘ ਸੁਲਤਾਨਵਿੰਡ ਤੇ ਪ੍ਰੋਫੈਸਰ ਬਲਜਿੰਦਰ ਸਿੰਘ ਆਦਿ।