
ਇਕ ਪਾਸੇ ਸਿੱਧੂ ਤੇ ਚੰਨੀ ਅਤੇ ਦੂਜੇ ਪਾਸੇ ਮੇਰੀ ਤੇ ਭਗਵੰਤ ਦੀ ਜੋੜੀ : ਕੇਜਰੀਵਾਲ
ਕਿਹਾ, ਪੰਜਾਬ ਦੇ ਭਵਿੱਖ ਲਈ ਇਨ੍ਹਾਂ 'ਚੋਂ ਚੋਣ ਦਾ ਫ਼ੈਸਲਾ ਲੋਕਾਂ ਨੇ ਕਰਨਾ ਹੈ
ਚੰਡੀਗੜ੍ਹ, 20 ਜਨਵਰੀ (ਭੁੱਲਰ): ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬ ਲਈ ਪਾਰਟੀ ਦਾ ਚਿਹਰਾ ਬਣੇ ਭਗਵੰਤ ਮਾਨ ਦੀ ਖ਼ੂਬ ਤਾਰੀਫ਼ ਕੀਤੀ | ਇਕ ਟੀ.ਵੀ. ਇੰਟਰਵਿਊ ਵਿਚ ਦੋਵੇਂ ਆਗੂ ਪਹਿਲੀ ਵਾਰ ਇਕ ਮੰਚ 'ਤੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਆਏ | ਕੇਜਰੀਵਾਲ ਨੇ ਕਿਹਾ ਕਿ ਇਕ ਪਾਸੇ ਸਿੱਧੂ ਤੇ ਚੰਨੀ ਦੀ ਜੋੜੀ ਹੈ ਅਤੇ ਇਕ ਪਾਸੇ ਮੇਰੀ ਤੇ ਭਗਵੰਤ ਮਾਨ ਦੀ | ਹੁਣ ਲੋਕਾਂ ਨੇ ਪੰਜਾਬ ਦੇ ਵਧੀਆ ਭਵਿੱਖ ਲਈ ਇਸ 'ਚੋਂ ਚੋਣ ਕਰਨੀ ਹੈ | ਇਸ ਤੋਂ ਉਨ੍ਹਾਂ ਸਪੱਸ਼ਟ ਕਰ ਦਿਤਾ ਕਿ 'ਆਪ' ਤੇ ਕਾਂਗਰਸ ਦਾ ਹੀ ਮੁਕਾਬਲਾ ਹੈ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਮੈਂ ਬਹੁਤ ਪਿਆਰ ਕਰਦਾ ਹਾਂ ਅਤੇ ਉਹ ਮੇਰੇ ਛੋਟੇ ਭਰਾ ਹਨ | ਭਗਵੰਤ ਪੰਜਾਬ ਦਾ ਇਕ ਬਹੁਤ ਪਾਪੂਲਰ ਚਿਹਰਾ ਹੈ | ਜਨਤਾ ਨੇ ਹੀ ਉਨ੍ਹਾਂ ਦੇ ਚਿਹਰੇ ਦੀ ਚੋਣ ਕੀਤੀ ਹੈ ਅਤੇ ਜੋ ਵਿਰੋਧੀ ਸੁਖਬੀਰ, ਚੰਨੀ ਤੇ ਸਿੱਧੂ ਸਵਾਲ ਉਠਾ ਰਹੇ ਸਨ ਕਿ ਕੇਜਰੀਵਾਲ ਕਦੇ ਵੀ ਭਗਵੰਤ ਮਾਨ ਨੂੰ ਚਿਹਰੇ ਨਹੀਂ ਬਣਾਉਣਗੇ ਤਾਂ ਉਨ੍ਹਾਂ ਦੀ ਮੰਗ ਵੀ ਹੁਣ ਪੂਰੀ ਕਰ ਦਿਤੀ ਹੈ |
ਭਗਵੰਤ ਮਾਨ ਦੀ ਤਾਰੀਫ਼ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਹ ਇਕ ਕੱਟੜ ਇਮਾਨਦਾਰ ਹੈ | 40 ਸਾਲਾਂ ਦੇ ਸਮੇਂ ਵਿਚ ਇਕ ਵੀ ਦੋਸ਼ ਉਸ ਵਿਰੁਧ ਨਹੀਂ ਲਗਿਆ ਜਦਕਿ ਪੰਜਾਬ ਦੇ ਹੋਰ ਬਹੁਤੇ ਸਿਆਸਤਦਾਨ ਰੇਤਾ ਚੋਰੀ ਕਰਦੇ ਹਨ | ਭਗਵੰਤ ਮਾਨ ਵੀ ਇਹ ਕਰ ਸਕਦਾ ਸੀ ਪਰ ਨਹੀਂ ਕੀਤਾ | ਸੁਖਬੀਰ ਤੇ ਚੰਨੀ ਨੇ 50-50 ਬੰਦੇ ਮਾਨ ਪਿੱਛੇ ਲਾਏ ਹੋਏ ਹਨ ਕਿ ਕੋਈ ਨੁਕਸ ਲੱਭੋ ਪਰ ਉਨ੍ਹਾਂ ਨੂੰ ਵੀ ਅੱਜ ਤਕ ਕੁੱਝ ਨਹੀਂ ਲੱਭਿਆ | ਉਨ੍ਹਾਂ ਬੜੇ ਹੀ ਭਰੋਸੇ ਨਾਲ ਕਿਹਾ ਕਿ ਮੇਰਾ ਛੋਟਾ ਵੀਰ ਭਗਵੰਤ ਮਾਨ ਪੰਜਾਬ ਦਾ ਸੀ.ਐਮ. ਬਣੇਗਾ | ਮਾਨ ਤੋਂ ਬਿਹਤਰ ਸਾਡੇ ਲਈ ਹੋਰ ਕੋਈ ਚਿਹਰਾ ਨਹੀਂ ਸੀ | ਉਨ੍ਹਾਂ ਕਿਹਾ ਕਿ ਪੰਜਾਬ ਵਿਚ 19 ਸਾਲ ਬਾਦਲਾਂ ਦਾ ਰਾਜ ਰਿਹਾ ਤੇ 28 ਸਾਲ ਕਾਂਗਰਸ ਦਾ ਪਰ ਇਨ੍ਹਾਂ ਲੁਟ ਹੀ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਦੀ ਹੋਈ ਲੁਟ ਦੇ ਪੈਸੇ-ਪੈਸੇ ਦਾ ਸਰਕਾਰ ਬਣਨ 'ਤੇ ਹਿਸਾਬ ਲਿਆ ਜਾਵੇਗਾ ਅਤੇ ਪੈਸਾ ਵਸੂਲ ਕੇ ਲੋਕਾਂ ਦੀ ਭਲਾਈ ਲਈ ਲਾਇਆ ਜਾਵੇਗਾ | ਮਾਈਨਿੰਗ ਮਾਮਲੇ ਵਿਚ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਉਪਰ ਈ.ਡੀ. ਦੀ ਕਾਰਵਾਈ ਬਾਰੇ ਕਿਹਾ ਕਿ ਇਹ ਗੱਲ ਸਹੀ ਹੈ ਕਿ ਮੋਦੀ ਚੋਣਾਂ ਸਮੇਂ ਵਿਰੋਧੀਆਂ ਨੂੰ ਤੰਗ ਕਰਦੇ ਹਨ ਅਤੇ ਮੇਰੇ ਤਾਂ ਬੈਡਰੂਮ ਤਕ ਚਲੇ ਗਏ ਸਨ ਪਰ ਕੁੱਝ ਨਹੀਂ ਮਿਲਿਆ | ਮੋਦੀ ਖ਼ੁਦ ਮੰਨਦੇ ਹਨ ਕਿ ਕੇਜਰੀਵਾਲ ਕੱਟੜ ਇਮਾਨਦਾਰ ਹੈ | ਉਨ੍ਹਾਂ ਕਿਹਾ ਕਿ ਚੰਨੀ ਦੇ ਰਿਸ਼ਤੇਦਾਰ ਤੋਂ ਤਾਂ 10 ਕਰੋੜ ਮਿਲਿਆ ਹੈ ਤੇ ਮੁੱਖ ਮੰਤਰੀ ਇਹ ਦੱਸਣ ਕਿ ਇਹ ਪੈਸਾ ਕਿਸਦਾ ਹੈ ਤੇ ਕਿਥੋਂ ਆਇਆ | ਉਨ੍ਹਾਂ ਕਿਹਾ ਕਿ 90 ਫ਼ੀ ਸਦੀ ਟਿਕਟਾਂ ਭਗਵੰਤ ਮਾਨ ਨੇ ਦਿਤੀਆਂ ਹਨ |
ਭਗਵੰਤ ਮਾਨ ਨੇ ਸਵਾਲਾਂਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜਨਤਾ ਵਲੋਂ ਮੁੱਖ ਮੰਤਰੀ ਚਿਹਰਾ ਬਣਾਏ ਜਾਣ ਨਾਲ ਮੇਰਾ ਹੌਸਲਾ ਤੇ ਜ਼ਿੰਮੇਵਾਰੀ ਦੁਗਣੀ ਹੋਈ ਹੈ | 6 ਤੋਂ 8 ਮਹੀਨੇ 'ਚ ਨਸ਼ੇ ਖ਼ਤਮ ਕਰਾਂਗੇ | ਉਨ੍ਹਾਂ ਕਿਹਾ ਕਿ ਪੰਜਾਬ ਸਿਰ 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈ ਪਰ ਕੰਮ ਕਿਤੇ ਹੋਏ ਦਿਖਾਈ ਨਹੀਂ ਦਿੰਦੇ | ਸਕੂਲਾਂ, ਹਸਪਤਾਲਾਂ ਤੇ ਸੜਕਾਂ ਦਾ ਬੁਰਾ ਹਾਲ ਹੈ | ਸੱਤਾ 'ਤੇ ਰਹਿਣ ਵਾਲਿਆਂ ਦੇ ਮਹਿਲ ਉੱਚੇ ਹੋਏ ਹਨ, ਬੱਸ ਫਲੀਟ ਵਧੇ ਤੇ 7 ਸਟਾਰ ਹੋਟਲ ਬਣੇ | ਉਨ੍ਹਾਂ ਕਿਹਾ ਕਿ ਇਹ ਪੈਸਾ ਫਿਰ ਗਿਆ ਕਿੱਧਰ? ਉਨ੍ਹਾਂ ਕਿਹਾ ਕਿ ਅਸੀਂ ਲੁਟ ਰੋਕ ਕੇ ਜਨਤਾ ਦੇ ਪੈਸੇ ਦਾ ਮੂੰਹ ਖ਼ਜ਼ਾਨੇ ਵਲ ਕਰ ਕੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਵਾਂਗੇ |