26 ਜਨਵਰੀ ਨੂੰ ਜੇਲ੍ਹ ਤੋਂ ਬਾਹਰ ਆਉਣਗੇ ਨਵਜੋਤ ਸਿੱਧੂ
ਚੰਡੀਗੜ੍ਹ - ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿਚ ਇੰਨੀਂ ਦਿਨੀਂ ਥੋੜ੍ਹੀ ਹਲਚਲ ਚੱਲ ਰਹੀ ਹੈ ਕਿਉਂਕਿ 26 ਜਨਵਰੀ ਨੂੰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦਾ ਪਟਿਆਲਾ ਕੇਂਦਰੀ ਜੇਲ੍ਹ ਤੋਂ ਬਾਹਰ ਆਉਣ ਵਾਲੇ ਹਨ। ਉਧਰ ਬੀਤੇ ਦਿਨੀਂ ਇਹ ਵੀ ਖ਼ਬਰਾਂ ਆਈਆਂ ਕਿ ਰਾਹੁਲ ਗਾਂਧੀ ਨੇ ਨਵਜੋਤ ਸਿੱਧੂ ਨੂੰ ਭਾਰਤ ਜੋੜੋ ਯਾਤਰਾ ਦੀ ਸ੍ਰੀਨਗਰ ਰੈਲੀ ਵਿਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਹੈ।
ਇਹੀ ਕਾਰਨ ਹੈ ਕਿ ਪੰਜਾਬ ਕਾਂਗਰਸ ਵਿਚ ਹਲਚਲ ਮਚੀ ਹੋਈ ਹੈ ਤੇ ਇਹ ਵੀ ਸਵਾਲ ਖੜਾ ਹੋ ਰਿਹਾ ਹੈ ਕਿ ਅਸਲੀ ਕਾਂਗਰਸੀ ਕੌਣ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੀ 26 ਜਨਵਰੀ ਨੂੰ ਪਟਿਆਲਾ ਕੇਂਦਰੀ ਜੇਲ੍ਹ ਤੋਂ ਰਿਹਾਈ ਤੈਅ ਮੰਨੀ ਜਾ ਰਹੀ ਹੈ। ਇਸ ਕਾਰਨ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਕਈ ਆਗੂ ਵੀ ਨਵਜੋਤ ਸਿੱਧੂ ਨੂੰ ਮਿਲਣ ਲਈ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ: ਲਤੀਫਪੁਰਾ ਉਜਾੜੇ ਦੇ ਪੀੜਤਾਂ ਨੂੰ ਮਿਲੇਗਾ ‘ਵਿਸ਼ੇਸ਼ ਪੈਕੇਜ’! ਅਗਲੇ ਹਫ਼ਤੇ ਹੋ ਸਕਦਾ ਹੈ ਐਲਾਨ
ਇਹ ਖ਼ਬਰਾਂ ਤਾਂ ਪਹਿਲਾਂ ਵੀ ਨਸ਼ਰ ਹੁੰਦੀਆਂ ਰਹੀਆਂ ਹਨ ਕਿ ਸਿੱਧੂ ਦੇ ਪੰਜਾਬ ਕਾਂਗਰਸ ਵਿਚ ਰਹਿੰਦਿਆਂ ਪਾਰਟੀ ਵਿਚ ਦੋ ਧੜੇ ਬਣੇ ਰਹੇ ਅਤੇ ਹੁਣ ਵੀ ਉਹੀ ਤਸਵੀਰ ਸਾਹਮਣੇ ਹੈ। ਜਿਸ ਕਾਰਨ ਪੁਰਾਣੀ ਲੀਡਰਸ਼ਿਪ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਅਸਲ ਕਾਂਗਰਸੀ ਕੌਣ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜਾਂ ਸੁਖਜਿੰਦਰ ਸਿੰਘ ਰੰਧਾਵਾ, ਸਾਰਿਆਂ ਨੇ ਰਾਹੁਲ ਗਾਂਧੀ ਨੂੰ ਪਾਰਟੀ ਦੇ ਮਜ਼ਬੂਤ ਢਾਂਚੇ ਲਈ ਪੈਰਾਸ਼ੂਟ ਦੀ ਤਰਜ਼ 'ਤੇ ਬਾਹਰੀ ਲੋਕਾਂ ਨੂੰ ਪਾਰਟੀ ਤੋਂ ਦੂਰ ਰੱਖਣ ਲਈ ਕਿਹਾ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਸਾਲ 2024 ਦੀਆਂ ਚੋਣਾਂ ਵਿਚ ਸਿਰਫ਼ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਚਿਹਰੇ ਵਜੋਂ ਦੇਖਣ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ ਬਾਜਵਾ ਦੇ ਨਾਲ ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਨੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਬਾਹਰੀ ਲੋਕਾਂ ਤੋਂ ਬਚਣ ਦੀਆਂ ਹਦਾਇਤਾਂ ਵੀ ਦਿੱਤੀਆਂ ਹਨ।
ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਪੰਜਾਬ ਕਾਂਗਰਸ ਦਾ ਹਿੱਸਾ ਬਣਨ ਤੋਂ ਬਾਅਦ ਉਹ ਪੰਜਾਬ ਮੰਤਰੀ ਮੰਡਲ ਦਾ ਵੀ ਹਿੱਸਾ ਸਨ।
ਇਸ ਕਾਰਨ ਕਾਂਗਰਸ ਦੇ ਪੁਰਾਣੇ ਚਿਹਰੇ ਮੰਤਰੀ ਮੰਡਲ ਤੋਂ ਦੂਰ ਰਹੇ ਅਤੇ ਉਨ੍ਹਾਂ ਵਿਚ ਗੁੱਸਾ ਵੀ ਦੇਖਣ ਨੂੰ ਮਿਲਿਆ। ਪਰਗਟ ਸਿੰਘ ਨੂੰ ਉਦੋਂ ਵੀ ਪੰਜਾਬ ਮੰਤਰੀ ਮੰਡਲ ਵਿਚ ਥਾਂ ਦਿੱਤੀ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਮੁੱਖ ਮੰਤਰੀ ਦਾ ਅਹੁਦਾ ਛੱਡ ਦਿੱਤਾ ਸੀ ਅਤੇ ਚਰਨਜੀਤ ਚੰਨੀ ਮੁੱਖ ਮੰਤਰੀ ਬਣ ਗਏ ਸਨ। ਅੱਜ ਵੀ ਬਾਹਰਲੇ ਲੋਕਾਂ ਨੂੰ ਵੱਡੀ ਜ਼ਿੰਮੇਵਾਰੀ ਦੇਣ ਨੂੰ ਲੈ ਕੇ ਪੰਜਾਬ ਕਾਂਗਰਸ ਅੰਦਰ ਨਾਰਾਜ਼ਗੀ ਹੈ।