ਹਰਜੀਤ ਸਿੰਘ ਵਜੋਂ ਹੋਈ ਮ੍ਰਿਤਕ ਦੀ ਪਛਾਣ
Kubbe Dhanaula Murder News: ਬਰਨਾਲਾ ਦੇ ਧਨੌਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਇਥੇ ਪਿੰਡ ਕੁੱਬੇ ਵਿਚ ਇੱਕ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਦਾ ਗੰਡਾਸੇ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਲਾਸ਼ ਖੇਤ ਵਿੱਚੋਂ ਮਿਲੀ। ਮ੍ਰਿਤਕ ਦੀ ਪਹਿਚਾਣ 32 ਸਾਲਾ ਹਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕੁੱਬੇ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ ਜਦਕਿ ਕਤਲ ਕਰਨ ਵਾਲੇ ਦੀ ਪਹਿਚਾਣ ਮ੍ਰਿਤਕ ਦੇ ਵੱਡੇ ਭਰਾ ਗੁਰਦੀਪ ਸਿੰਘ ਵਜੋਂ ਹੋਈ ਹੈ।
ਇਸ ਮਾਮਲੇ ਸੰਬੰਧੀ ਡੀਐਸਪੀ ਹਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਇਲਾਕੇ ਅੰਦਰ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਪੁਲਿਸ ਥਾਣਾ ਲੋਗੋਂਵਾਲ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਡੀਐਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਹਰਜੀਤ ਸਿੰਘ ਅਤੇ ਗੁਰਦੀਪ ਸਿੰਘ ਦੋ ਸਕੇ ਭਰਾ ਹਨ। ਉਹਨਾਂ ਦੱਸਿਆ ਕਿ ਕੱਲ੍ਹ ਦੋਵੇਂ ਭਰਾਵਾਂ ਅਤੇ ਮ੍ਰਿਤਕ ਦੇ ਦੋਸਤ ਸੰਦੀਪ ਸਿੰਘ ਦਾ ਆਪਸ ਵਿੱਚ ਝਗੜਾ ਹੋਇਆ।
ਝਗੜੇ ਦਾ ਮੁੱਖ ਕਾਰਨ ਮ੍ਰਿਤਕ ਦਾ ਵੱਡਾ ਭਰਾ ਗੁਰਦੀਪ ਸਿੰਘ ਆਪਣੇ ਛੋਟੇ ਭਰਾ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ। ਝਗੜੇ ਦੌਰਾਨ ਵੱਡੇ ਭਰਾ ਨੇ ਛੋਟੇ ਭਰਾ ਦਾ ਕਤਲ ਕਰ ਦਿੱਤਾ, ਜਦਕਿ ਮਿਤਕ ਦਾ ਦੋਸਤ ਜ਼ਖ਼ਮੀ ਹੋ ਗਿਆ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਡੀਐਸਪੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਮ੍ਰਿਤਕ ਦਾ ਵਿਆਹ ਨਹੀਂ ਹੋਇਆ ਸੀ ਤੇ ਉਹ ਆਪਣੇ ਭਰਾ ਨਾਲ ਹੀ ਰਹਿ ਰਿਹਾ ਸੀ। ਮ੍ਰਿਤਕ ਦੇ ਉੱਪਰ ਪਹਿਲਾਂ ਵੀ 302 ਸਮੇਤ ਨਸ਼ੇ ਤਹਿਤ ਕਈ ਮੁਕੱਦਮੇ ਦਰਜ ਹਨ। ਮ੍ਰਿਤਕ ਦੇ ਚਾਚੇ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕ ਦੇ ਵੱਡੇ ਭਰਾ ਗੁਰਦੀਪ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ।
