
ਦਿੱਲੀ ਪੁਲਿਸ ਨੇ ਹੁਸ਼ਿਆਰਪੁਰ ਦੇ ਦੋ ਨੌਜਵਾਨਾਂ ਨੂੰ ਕੀਤਾ ਰਿਹਾਅ
ਹੁਸ਼ਿਆਰਪੁਰ/ਟਾਂਡਾ ਉੜਮੁੜ, 20 ਫ਼ਰਵਰੀ (ਬਾਜਵਾ): ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ ਦੀ ਟਰੈਕਟਰ ਪਰੇਡ ਉਪਰੰਤ ਬੀਤੀ 28 ਜਨਵਰੀ ਤੋਂ ਦਿੱਲੀ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਹੁਸੈਨਪੁਰ ਅਤੇ ਬੁੱਢੀ ਪਿੰਡ ਦੇ ਨੌਜਵਾਨ ਗੁਰਦਿਆਲ ਸਿੰਘ ਅਤੇ ਬਲਵਿੰਦਰ ਸਿੰਘ ਬੀਤੀ ਰਾਤ ਤਿਹਾੜ ਜੇਲ ਤੋਂ ਰਿਹਾਅ ਹੋ ਗਏ ਹਨ | ਉਕਤ ਰਿਹਾਅ ਹੋਏ ਨੌਜਵਾਨ ਕਿਸਾਨਾਂ ਨੂੰ ਲੈਣ ਗਏ ਬਲਵਿੰਦਰ ਸਿੰਘ ਦੇ ਭਰਾ ਰਾਜਿੰਦਰ ਸਿੰਘ ਰਾਜਾ ਅਤੇ ਜਸਕਰਨ ਸਿੰਘ ਨੇ ਦਸਿਆ ਕਿ ਬੱਬੂ ਅਤੇ ਗੁਰਦਿਆਲ ਸਿੰਘ ਨੇ ਉਨ੍ਹਾਂ ਨਾਲ ਹੋਈ ਮੁਲਾਕਾਤ ਦੌਰਾਨ ਜੇਲ ਵਿਚ ਪੁਲਿਸ ਵਲੋਂ ਉਨ੍ਹਾਂ ਨਾਲ ਕੀਤੇ ਗਏ ਵਤੀਰੇ ਅਤੇ ਹੋਰ ਜਾਣਕਾਰੀ ਦਿਤੀ |
ਉਨ੍ਹਾਂ ਦਸਿਆ ਕਿ 28 ਜਨਵਰੀ ਨੂੰ ਉਨ੍ਹਾਂ ਨੂੰ ਤਿਹਾੜ ਜੇਲ ਵਿਚ ਰਖਿਆ ਹੋਇਆ ਸੀ, ਜਿੱਥੇ ਪਹਿਲੇ ਤਿੰਨ ਦਿਨ ਉਨ੍ਹਾਂ ਨੂੰ ਕਾਫ਼ੀ ਤੰਗੀ ਦੇ ਝੱਲਣੇ ਪਏ ਪਰ ਉਸ ਉਪਰੰਤ ਸੱਭ ਠੀਕ ਹੋ ਗਿਆ ਅਤੇ ਪੁਲਿਸ ਦਾ ਉਨ੍ਹਾਂ ਨਾਲ ਵਰਤਾਰਾ ਠੀਕ ਸੀ | ਰਿਹਾਅ ਹੋਣ ਉਪਰੰਤ ਬੱਬੂ ਅਤੇ ਗੁਰਦਿਆਲ ਸਿੰਘ ਨੇ ਜਿੱਥੇ ਉਨ੍ਹਾਂ ਦੀ ਜ਼ਮਾਨਤ ਕਰਵਾਉਣ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਹੋਰਨਾਂ ਸਹਿਯੋਗੀਆਂ ਦਾ ਧਨਵਾਦ ਕੀਤਾ |
ਉਥੇ ਹੀ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਚੱਲ ਰਹੇ ਸੰਘਰਸ਼ ਵਿਚ ਉਹ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਅਤੇ ਯੋਗਦਾਨ ਦੇਣ ਤੋਂ ਪਿੱਛੇ ਨਹੀਂ ਹਟਣਗੇ, ਬੇਸ਼ੱਕ ਉਨ੍ਹਾਂ ਨੂੰ ਤਕੜਾ ਸੰਘਰਸ਼ ਕਰਨਾ ਪਵੇ ਜੇਕਰ ਲੋੜ ਪਈ ਤਾਂ ਉਹ ਦਿੱਲੀ ਕਿਸਾਨ ਅੰਦੋਲਨ ਵਿਚ ਫਿਰ ਤੋਂ ਭਾਗ ਲੈਣਗੇ | ਉਧਰ ਦੂਜੇ ਪਾਸੇ ਉਕਤ ਨੌਜਵਾਨਾਂ ਦੇ ਪਰਵਾਰਕ ਮੈਂਬਰਾਂ, ਵੱਖ-ਵੱਖimage ਪੰਥਕ ਜਥੇਬੰਦੀਆਂ ਅਤੇ ਕਿਸਾਨਾਂ ਵਲੋਂ ਉਕਤ ਨੌਜਵਾਨਾਂ ਦਾ ਘਰੋਂ- ਘਰੀ ਪਹੁੰਚਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ |
ਫ਼ੋਟੋ : ਹੁਸ਼ਿਆਰਪੁਰ--ਯੰਗ