
ਪੰਜਾਬ ਵਿਚ ਬਿਜਲੀ ਦੀ ਖਪਤ ਦਾ ਅੰਕੜਾ 5563 ਮੈਗਾਵਾਟ ਤਕ ਹੀ ਸੀਮਤ ਹੋਇਆ
ਪਟਿਆਲਾ, 20 ਫ਼ਰਵਰੀ (ਜਸਪਾਲ ਸਿੰਘ ਢਿੱਲੋਂ): ਪੰਜਾਬ ਵਿਚ ਇਸ ਵੇਲੇ ਬਿਜਲੀ ਦੀ ਖਪਤ ਦਾ ਅੰਕੜਾ 5563 ਮੈਗਾਵਾਟ ਉਤੇ ਅਟਕਿਆ ਹੋਇਆ ਹੈ। ਪਿਛਲੇ ਦਿਨੀ ਇਹ ਖਪਤ ਵਧਕੇ 6400 ਮੈਗਾਵਾਟ ਤਕ ਪਹੁੰਚ ਗਈ ਸੀ ਹੁਣ ਇਹ ਖਪਤ ਘਟ ਗਈ ਹੈ।
ਬਿਜਲੀ ਨਿਗਮ ਇਸ ਦੀ ਪੂਰਤੀ ਲਈ ਇਸ ਵੇਲੇ ਨਿਜੀ ਖੇਤਰ ਦੇ ਤਾਪ ਬਿਜਲੀ ਘਰਾਂ ਅਤੇ ਹੀ ਪੰਜਾਬ ਨਿਰਭਰ ਹੋਇਆ ਬੈਠਾ ਹੈ ਕਿਉਂਕਿ ਪਿਛਲੀ ਸਰਕਾਰ ਨੇ ਇਸ ਸਬੰਧੀ ਨਿਜੀ ਕੰਪਨੀਆਂ ਨਾਲ ਬਿਜਲੀ ਦੇ ਸਮਝੋਤੇ ਕੀਤੇ ਹੋਏ ਹਨ, ਇਸ ਕਰ ਕੇ ਨਿਜੀ ਖੇਤਰ ਦੇ ਤਾਪ ਬਿਜਲੀ ਘਰਾਂ ਤੋਂ ਬਿਜਲੀ ਖ਼ਰੀਦੀ ਜਾ ਰਹੀ ਹੈ, ਇਸ ਦੇ ਉਲਟ ਅਪਣੇ ਤਾਪ ਬਿਜਲੀ ਘਰਾਂ ਦੇ ਸਾਰੇ ਯੂਨਿਟ ਬੰਦ ਰੱਖੇ ਹੋਏ ਹਨ ਪਰ ਅਪਣੇ ਹਜ਼ਾਰਾਂ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਕਰੋੜਾਂ ਦਾ ਵੇਤਨ ਦਿਤਾ ਜਾ ਰਿਹਾ ਹੈ। ਇਸ ਵੇਲੇ ਪਣ ਬਿਜਲੀ ਪ੍ਰਾਜੈਕਟਾਂ ਦਾ ਬਿਜਲੀ ਉਤਪਾਦਨ 214 ਮੈਗਾਵਾਟ ਦਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਵਿਚ ਮੁਕੇਰੀਆਂ ਪਣ ਬਿਜਲੀ ਘਰ ਤੋਂ 214 ਮੈਗਾਵਾਟ, ਅਨੰਦਪੁਰ ਸਾਹਿਬ ਦੇ ਦੋ ਯੂਨਿਟਾਂ ਤੋੀ 27 ਮੈਗਾਵਾਟ ਅਤੇ ਜੋਗਿੰਦਰ ਨਗਰ ਹਿਮਾਚਲ ਦੇ ਸ਼ਾਨਨ ਪਣ ਬਿਜਲੀ ਘਰ ਤੋਂ 9 ਮੈਗਾਵਾਟ ਦਾ ਯੋਗਦਾਨ ਪਾਇਆ ਜਾ ਰਿਹਾ ਹੈ। ਨਵਿਆਉਣਯੋਗ ਸਰੋਤਾਂ ਤੋਂ 106 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ ਇਸ ਵਿਚ ਸੂਰਜੀ ਊਰਜਾ ਦੇ ਪ੍ਰਾਜੈਕਟਾਂ ਤੋਂ 22 ਮੈਗਾਵਾਟ ਅਤੇ ਗੈਰ ਸੌਰਊਰਜੀ ਪ੍ਰਾਜੈਕਟਾਂ ਤੋਂ 84 ਮੈਗਾਵਾਟ ਬਿਜਲੀ ਮਿਲ ਰਹੀ ਹੈ।
ਨਿਜੀ ਖੇਤਰ ਦੇ ਤਾਪ ਬਿਜਲੀ ਘਰਾਂ ਦੇ ਬਿਜਲੀ ਉਤਪਾਦਨ ਤੇ ਝਾਤੀ ਮਾਰੀ ਜਾਵੇ ਤਾਂ ਇਸ ਵੇਲੇ ਰਾਜਪੁਰਾ ਦੇ ਨਲਾਸ ਪਣ ਬਿਜਲੀ ਘਰ ਦੇ ਦੋ ਯੂਨਿਟਾਂ ਤੋਂ 1323 ਮੈਗਾਵਾਟ ਅਤੇ ਤਲਵੰਡੀ ਸਾਬੋ ਦੇ ਵਣਾਂਵਾਲੀ ਤਾਪ ਬਿਜਲੀ ਘਰ ਦੇ ਦੋ ਯੂਨਿਟਾਂ ਤੋਂ 1180 ਮੈਗਾਵਾਟ ਜਦੋਂ ਨਿਜੀ ਖੇਤਰ ਦਾ ਤੀਜਾ ਤਾਪ ਬਿਜਲੀ ਘਰ ਜੀਵੀਕੇ ਗੋਇੰਦਵਾਲ ਸਾਹਿਬ ਤੋਂ ਬਿਜਲੀ ਉਤਪਾਦਨ ਠੱਪ ਰਖਿਆ ਹੋਇਆ ਹੈ।