
ਸੌਦਾ ਸਾਧ ਦੀਆਂ ਵੋਟਾਂ ਲੈ ਕੇ ਅਕਾਲੀਆਂ ਨੇ ਸਿੱਖਾਂ ਦੇ ਜ਼ਖ਼ਮਾਂ ਨੂੰ ਦੁਬਾਰਾ ਕੁਰੇਦ ਦਿਤਾ : ਚਰਨਜੀਤ ਸਿੰਘ ਚੰਨੀ
ਚੰਡੀਗੜ੍ਹ, 20 ਫ਼ਰਵਰੀ (ਨਿਮਰਤ ਕੌਰ): ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਖ਼ਤਮ ਹੋ ਚੁੱਕੀ ਹੈ। ਚੋਣਾਂ ਤੋਂ ਇਕ ਦਿਨ ਪਹਿਲਾਂ ਸੌਦਾ ਸਾਧ ਵਲੋਂ ਅਪਣੇ ਸ਼ਰਧਾਲੂਆਂ ਨੂੰ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਦਾ ਆਦੇਸ਼ ਦਿਤਾ ਗਿਆ। ਇਸ ਮਗਰੋਂ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਡੇਰਾ ਸਿਰਸਾ ਦੀਆਂ ਵੋਟਾਂ ਲੈ ਕੇ ਅਕਾਲੀਆਂ ਨੇ ਸਿੱਖਾਂ ਦੇ ਜ਼ਖ਼ਮਾਂ ਨੂੰ ਦੁਬਾਰਾ ਕੁਰੇਦ ਦਿਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਫਿਰ ਤੋਂ ਬੇਅਦਬੀ ਦੇ ਮਸਲੇ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਨੇ ਪੰਜਾਬੀਆਂ ਨੂੰ ਫਿਰ ਤੋਂ ਅਹਿਸਾਸ ਕਰਵਾਇਆ ਉਹ ਸੌਦਾ ਸਾਧ ਨਾਲ ਰਲੇ ਹੋਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਸੌਦਾ ਸਾਧ ਨੂੰ ਪੈਰੋਲ ਦਿਤੀ ਅਤੇ ਉਹ ਪੰਜਾਬ ਵਿਚ ਅਪਣੇ ਵਿਅਕਤੀ ਤੈਨਾਤ ਕਰਾ ਕੇ ਅਕਾਲੀ ਦਲ ਨੂੰ ਵੋਟ ਪਵਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਫਿਰ ਤੋਂ ਪੰਜਾਬੀਆਂ ਸਾਹਮਣੇ ਬੇਅਦਬੀ ਦਾ ਮੁੱਦਾ ਆ ਗਿਆ ਹੈ। ਅੱਜ ਇਨ੍ਹਾਂ ਨੇ ਸੱਚ ਕਰ ਦਿਤਾ ਕਿ ਇਨ੍ਹਾਂ ਦੀ ਮਿਲੀਭੁਗਤ ਨਾਲ ਬੇਅਦਬੀ ਹੋਈ ਸੀ। ਅੱਜ ਉਨ੍ਹਾਂ ਨੇ ਫਿਰ ਤੋਂ ਸਾਡੇ ਜ਼ਖ਼ਮਾਂ ਨੂੰ ਕੁਰੇਦ ਦਿਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਿੱਲੀ ਥੈਲਿਉਂ ਬਾਹਰ ਆ ਗਈ ਹੈ। ਇਨ੍ਹਾਂ ਲੋਕਾਂ ਨੇ ਰਲ ਕੇ ਬੇਅਦਬੀ ਕਰਵਾਈ ਹੈ। ਇਸ ਲਈ ਅਕਾਲੀ ਦਲ ਜ਼ਿੰਮੇਵਾਰ ਹੈ। ਅਕਾਲੀ ਦਲ ਨੇ ਸਾਬਤ ਕੀਤਾ ਕਿ ਉਹ ਡੇਰਾਵਾਦ ਦੇ ਹਮਾਇਤੀ ਹਨ ਅਤੇ ਸੌਦਾ ਸਾਧ ਨੇ ਸਾਬਤ ਕੀਤਾ ਕਿ ਅਕਾਲੀ ਦਲ ਉਨ੍ਹਾਂ ਦੀ ਇਕ ਵਿੰਗ ਹੈ।
ਉਨ੍ਹਾਂ ਕਿਹਾ ਕਿ ਇਹ ਸਾਬਤ ਹੁੰਦਾ ਹੈ ਕਿ ਸੌਦਾ ਸਾਧ ਨੂੰ ਮੁਆਫ਼ੀ ਦਿਵਾਉਣ ਅਤੇ ਬੇਅਦਬੀ ਲਈ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਹਨ। ਮੁੱਖ ਮੰਤਰੀ ਚੰਨੀ ਨੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਹਲਕਾ ਧੂਰੀ ਵਿਚ ਸੌਦਾ ਸਾਧ ਦਾ ਸੁਨੇਹਾ ਭਗਵੰਤ ਮਾਨ ਲਈ ਆਇਆ ਹੈ ਕਿ ਉਹ ਭਗਵੰਤ ਮਾਨ ਦੀ ਹਮਾਇਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਮੁੜ ਡੇਰਾਵਾਦ ਨੂੰ ਉਤਸ਼ਾਤਿ ਕੀਤਾ ਗਿਆ ਹੈ। ਪੰਜਾਬ ਦੀ ਸਿਆਸਤ ਵਿਚ ਅੱਜ ਦਾ ਦਿਨ ਬਹੁਤ ਅਹਿਮ ਰਿਹਾ। ਵਿਧਾਨ ਸਭਾ ਚੋਣਾਂ ਦੇ ਚਲਦਿਆਂ 1304 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿਚ ਕੈਦ ਹੋ ਗਈ ਹੈ। ਵੋਟਾਂ ਵਾਲੇ ਦਿਨ ਵੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੂਬੇ ਵਿਚ ਸਰਗਰਮ ਨਜ਼ਰ ਆਏ। ਉਨ੍ਹਾਂ ਕਿਹਾ,‘‘ਮੈਂ ਲੋਕਾਂ ਵਿਚ ਰਹਿ ਕੇ ਹੀ ਖ਼ੁਸ਼ ਹੁੰਦਾ ਹਾਂ ਅਤੇ ਲੋਕਾਂ ਵਿਚ ਰਹਿ ਕੇ ਹੀ ਮੈਨੂੰ ਤਾਕਤ ਮਿਲਦੀ ਹੈ।’’ ਵੋਟ ਪਾਉਣ ਮਗਰੋਂ ਮੁੱਖ ਮੰਤਰੀ ਚੰਨੀ ਨੇ ਅਪਣੇ ਹਲਕੇ ਦੇ ਵੋਟਰਾਂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਲੋਕਾਂ ਦਾ ਸੇਵਕ ਹੁੰਦਾ ਹੈ। ਸਾਨੂੰ ਸੇਵਕ ਬਣ ਕੇ ਹੀ ਰਹਿਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਵੋਟ ਪਾਉਣ ਜ਼ਰੂਰ ਜਾਉ।