
ਮਾਨਸਾ ਦੀ ਵਿਸ਼ੇਸ਼ ਅਦਾਲਤ ਨੇ ਸੁਣਾਇਆ ਫ਼ੈਸਲਾ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਰਾਜ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਟਾਲਰੈਂਸ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਅਧੀਨ ਅੱਜ ਮਾਨਸਾ ਦੀ ਵਿਸ਼ੇਸ਼ ਅਦਾਲਤ ਨੇ ਸਹਾਇਕ ਖਜਾਨਾ ਅਫ਼ਸਰ ਮਾਨਸਾ ਗੁਰਪ੍ਰੀਤ ਸਿੰਘ ਤੇ ਉਸ ਦੇ ਇੱਕ ਸਾਥੀ ਆਤਮਾ ਸਿੰਘ ਵਾਸੀ ਕੋਟੜਾ ਜ਼ਿਲ੍ਹਾ ਮਾਨਸਾ ਨੂੰ ਰਿਸ਼ਵਤਖੋਰੀ ਦੇ ਕੇਸ ਵਿੱਚ ਸੱਤ-ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ : ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗੀਤਾ ਸ਼ਰਮਾ ਨੂੰ ਮਿਲਿਆ DPI ਪ੍ਰਾਇਮਰੀ ਦਾ ਵਾਧੂ ਚਾਰਜ
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਜੀਤ ਕੌਰ ਵਾਸੀ ਮਾਨਸਾ ਕੈਚੀਆਂ, ਜ਼ਿਲ੍ਹਾ ਮਾਨਸਾ ਨੇ ਵਿਜੀਲੈਂਸ ਕੋਲ ਸ਼ਿਕਾਇਤ ਕਰਕੇ ਦੱਸਿਆ ਸੀ ਕਿ ਉਸ ਦੇ ਪਤੀ ਹਰਿੰਦਰ ਸਿੰਘ ਪਟਵਾਰੀ ਦੀ ਮੌਤ ਹੋ ਜਾਣ ਉਪਰੰਤ ਉਸ ਦੇ ਤਨਖਾਹ ਸਬੰਧੀ ਬਕਾਏ ਦਾ ਸੱਤ ਲੱਖ ਰੁਪਏ ਦਾ ਬਿੱਲ ਪਾਸ ਕਰਨ ਬਦਲੇ ਉਪਰੋਕਤ ਸਹਾਇਕ ਖਜ਼ਾਨਾ ਅਫ਼ਸਰ ਨੇ ਆਤਮਾ ਸਿੰਘ ਵਾਸੀ ਕੋਟੜਾ ਜ਼ਿਲ੍ਹਾ ਮਾਨਸਾ ਨਾਲ ਮਿਲੀਭੁਗਤ ਕਰ ਕੇ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।
ਇਸ ਸ਼ਿਕਾਇਤ ਉੱਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਊਰੋ ਨੇ ਜਾਲ ਵਿਛਾਇਆ ਅਤੇ ਸਹਾਇਕ ਖਜ਼ਾਨਾ ਅਫ਼ਸਰ ਤੇ ਉਸ ਦੇ ਸਹਿਯੋਗੀ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ 27-07-2015 ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਸੀ। ਉਕਤ ਦੋਹਾਂ ਦੋਸ਼ੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਬਠਿੰਡਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਸੀ।
ਇਹ ਵੀ ਪੜ੍ਹੋ : ਨਹਿਰ ਵਿਚ ਡਿੱਗੀ ਜੀਪ, ਪਤੀ-ਪਤਨੀ ਦੀ ਹੋਈ ਮੌਤ
ਇਸ ਰਿਸ਼ਵਤਖੋਰੀ ਮੁਕੱਦਮੇ ਦੀ ਪੂਰੀ ਤਨਦੇਹੀ ਨਾਲ ਪੈਰਵੀ ਕਰਦਿਆਂ ਵਿਜੀਲੈਂਸ ਬਿਊਰੋ ਨੇ ਮੁਕੱਦਮੇ ਦਾ ਚਲਾਣ ਪੇਸ਼ ਕਰਨ ਉਪਰੰਤ ਗਵਾਹੀਆਂ ਮੁਕੰਮਲ ਕਰਵਾਈਆਂ ਗਈਆਂ ਜਿਸ ਦੇ ਅਧਾਰ ਤੇ ਅੱਜ ਵਿਸ਼ੇਸ਼ ਅਦਾਲਤ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਮਨਦੀਪ ਸਿੰਘ ਢਿੱਲੋਂ ਨੇ ਉਕਤ ਦੋਹਾਂ ਦੋਸ਼ੀਆਂ ਨੂੰ ਇਸ ਕੇਸ ਵਿੱਚ ਸੱਤ -ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਉਪਰੰਤ ਵਿਜੀਲੈਂਸ ਬਿਓਰੋ ਯੁਨਿਟ ਮਾਨਸਾ ਦੀ ਟੀਮ ਵੱਲੋਂ ਦੋਹਾਂ ਦੋਸ਼ੀਆਂ ਨੂੰ ਜ਼ਿਲ੍ਹਾ ਜੇਲ੍ਹ ਮਾਨਸਾ ਵਿੱਚ ਬੰਦ ਕਰਵਾਇਆ ਗਿਆ।