
ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਹਰ ਸਾਲ 21 ਫਰਵਰੀ ਨੂੰ ਮਨਾਇਆ ਜਾਂਦਾ ਹੈ
ਪਾਜ਼ਿਲਕਾ - ਡੀਸੀ ਸੀਨੂੰ ਦੁੱਗਲ ਨੇ ਫਾਜ਼ਿਲਕਾ, ਪੰਜਾਬ ਵਿਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ 21 ਫਰਵਰੀ ਨੂੰ ਦੁਨੀਆਂ ਭਰ ਦੇ ਲੋਕ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਨ ਲਈ ਮਾਂ ਬੋਲੀ ਦਿਵਸ ਮਨਾਉਂਦੇ ਹਨ। ਉਨ੍ਹਾਂ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਾਂ ਬੋਲੀ ਪੰਜਾਬੀ, ਜੋ ਕਿ ਸਾਡੇ ਸੂਬੇ ਦੀ ਮਾਤ ਭਾਸ਼ਾ ਵੀ ਹੈ, ਉਸ ਨੂੰ ਪ੍ਰਫੁੱਲਤ ਕਰਨ ਲਈ ਸਾਰਥਕ ਉਪਰਾਲੇ ਕਰ ਰਹੀ ਹੈ।
ਉਨ੍ਹਾਂ ਲੋਕਾਂ ਨੂੰ ਇਨ੍ਹਾਂ ਉਪਰਾਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੰਦਿਆਂ ਅਪੀਲ ਕੀਤੀ ਕਿ ਲੋਕ ਆਪਣੀਆਂ ਸੰਸਥਾਵਾਂ ਦੇ ਨਾਂ ਪੰਜਾਬੀ ਵਿੱਚ ਲਿਖਣ ਨੂੰ ਤਰਜੀਹ ਦੇਣ। ਹਰ ਵਿਅਕਤੀ ਨੂੰ ਆਪਣੀ ਮਾਂ ਬੋਲੀ 'ਤੇ ਮਾਣ ਹੋਣਾ ਚਾਹੀਦਾ ਹੈ ਕਿਉਂਕਿ ਹਰ ਕੌਮ ਦੀ ਮਾਂ ਬੋਲੀ ਉਸ ਕੌਮ ਦੇ ਮਨੁੱਖੀ ਵਿਕਾਸ ਦਾ ਆਧਾਰ ਹੁੰਦੀ ਹੈ। ਸਾਡੀ ਮਾਂ ਬੋਲੀ ਬਹੁਤ ਅਮੀਰ ਹੈ ਅਤੇ ਇਸ ਵਿਚਲੀ ਬਾਣੀ ਸਾਡੇ ਗੁਰੂ ਸਾਹਿਬ ਨੇ ਰਚੀ ਹੈ। ਪੰਜਾਬੀ ਸਾਹਿਤ ਦਾ ਇੱਕ ਬਹੁਤ ਵੱਡਾ ਸਰੋਤ ਹੈ, ਜਿਸ ਨੂੰ ਪੜ੍ਹ ਕੇ ਅਸੀਂ ਜੀਵਨ ਵਿਚ ਸਫਲ ਅਤੇ ਚੰਗੇ ਇਨਸਾਨ ਬਣ ਸਕਦੇ ਹਾਂ।
ਇਹ ਵੀ ਪੜ੍ਹੋ - ਨਵਜੋਤ ਸਿੱਧੂ ਨੂੰ ਚੈਲੰਜ ਕਰਨ ਵਾਲੇ ਹੈੱਡ ਕਾਂਸਟੇਬਲ ਨੇ ਕੀਤੀ ਆਤਮ-ਹੱਤਿਆ
ਸਰਕਾਰ ਵੱਲੋਂ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ-ਨਾਲ ਸਾਨੂੰ ਖੁਦ ਵੀ ਮਾਂ ਬੋਲੀ ਦੀ ਤਰੱਕੀ ਲਈ ਗੰਭੀਰ ਉਪਰਾਲੇ ਕਰਨੇ ਚਾਹੀਦੇ ਹਨ। ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਹਰ ਸਾਲ 21 ਫਰਵਰੀ ਨੂੰ ਮਨਾਇਆ ਜਾਂਦਾ ਹੈ। 17 ਨਵੰਬਰ 1999 ਨੂੰ ਯੂਨੈਸਕੋ ਵੱਲੋਂ ਇਸ ਸਬੰਧੀ ਫੈਸਲਾ ਲਿਆ ਗਿਆ ਸੀ। ਇਸ ਨੂੰ ਮਨਾਉਣ ਦਾ ਮਕਸਦ ਦੁਨੀਆ ਭਰ ਦੇ ਲੋਕਾਂ ਵਿਚ ਆਪਣੀ ਭਾਸ਼ਾ ਅਤੇ ਸੱਭਿਆਚਾਰ ਪ੍ਰਤੀ ਰੁਚੀ ਪੈਦਾ ਕਰਨਾ ਅਤੇ ਜਾਗਰੂਕਤਾ ਫੈਲਾਉਣਾ ਹੈ।