ਪਾਰਲੀਮੈਂਟ ਦੇ ਆਉਣ ਵਾਲੇ ਸੈਸ਼ਨ ਵਿਚ 24 ਭਾਸ਼ਾਵਾਂ ਵਿਚ ਮਿਲਣਗੇ ਕਾਗਜ਼
ਮੋਹਾਲੀ : ਅੱਜ ਵਿਸ਼ਵ ਭਰ ਵਿਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਸਾਰਿਆਂ ਨੂੰ ਮੁਬਾਰਕਾਂ ਦਿਤੀਆਂ ਅਤੇ ਕਿਹਾ ਕਿ ਆਪਣੀ ਮਾਂ ਬੋਲੀ ਪ੍ਰਤੀ ਪਿਆਰ ਦਿਖਾਓ। ਉਨ੍ਹਾਂ ਕਿਹਾ ਕਿ ਮਾਂ ਬੋਲੀ ਲਈ ਰਾਜ ਸਭਾ ਸੰਸਦ ਬਣਨ ਤੋਂ ਬਾਅਦ ਸੰਸਦ ਭਵਨ ਦੇ ਅੰਦਰੋਂ 2 ਭਾਸ਼ਾਵਾਂ 'ਚ ਲਿਖੀਆਂ ਕਾਪੀਆਂ ਮਿਲੀਆਂ। ਪਰ ਸੰਸਦ 'ਚ ਪੰਜਾਬੀ 'ਮਾਂ ਬੋਲੀ' 'ਚ ਲਿਖੀਆਂ ਕਾਪੀਆਂ ਲੈਣ ਦੀ ਮੰਗ ਉਠਾਈ ਗਈ।
ਉਨ੍ਹਾਂ ਕਿਹਾ ਕਿ ਅਸੀਂ ਇਹ ਮੰਗ ਪਹਿਲੇ ਰਾਸ਼ਟਰਪਤੀ ਕੋਲ ਵੀ ਚੁੱਕੀ ਜਿਨ੍ਹਾਂ ਨੇ ਕਿਹਾ ਕਿ ਮਾਤ ਭਾਸ਼ਾ ਹਰ ਸਦਨ ਵਿਚ ਹੋਣੀ ਚਾਹੀਦੀ ਹੈ। ਸਾਨੂੰ ਪਾਰਲੀਮੈਂਟ ਹਾਊਸ ਵਿੱਚ ਵੱਖ-ਵੱਖ ਖੇਤਰੀ ਭਾਸ਼ਾਵਾਂ ਵਿੱਚ ਕਾਪੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਜਿਸ ਤੋਂ ਬਾਅਦ ਅਦਾਲਤਾਂ ਵਿਚ ਵੀ ਇਹ ਮੁੱਦਾ ਚੁੱਕਿਆ ਗਿਆ ਸੀ। ਐਮਪੀ ਸੀਚੇਵਾਲ ਨੇ ਦੱਸਿਆ ਕਿ ਆਖਰਕਾਰ ਸਾਨੂੰ ਪੰਜਾਬੀ ਵਿਚ ਬੋਲਣ ਦਾ ਹੱਕ ਮਿਲਿਆ ਅਤੇ ਸਦਨ ਵਿਚ ਵੀ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੇ ਹਾਂ। ਇਹ ਬਹੁਤ ਖੁਸ਼ੀ ਦੀ ਗੱਲ ਹੈ।
ਉਨ੍ਹਾਂ ਦੱਸਿਆ ਕਿ ਸਦਨ ਵਿਚ ਇਕੱਲੀ ਪੰਜਾਬੀ ਨਹੀਂ ਸਗੋਂ ਹੋਰ 21 ਭਾਸ਼ਾਵਾਂ ਵੀ ਲਾਗੂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸੈਸ਼ਨ ਦੀ ਕਾਰਵਾਈ 24 ਭਾਸ਼ਾਵਾਂ ਵਿਚ ਉਪਲਭਧ ਹੋਵੇਗੀ। ਜੋ ਅਸੀਂ ਮੰਗ ਕੀਤੀ ਸੀ ਉਹ ਪੂਰੀ ਹੋਈ ਹੈ।
ਅੱਗੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਨੌਜਵਾਨ ਆਪਣੀ ਮਾਂ ਬੋਲੀ ਤੋਂ ਪੱਛੜਦੇ ਜਾ ਰਹੇ ਹਨ, ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਲੋਕ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ, ਜਿਸ ਕਾਰਨ ਉਹ ਅੰਗਰੇਜ਼ੀ ਨੂੰ ਜ਼ਰੂਰੀ ਸਮਝਦੇ ਹਨ ਪਰ ਸਾਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਨੂੰ ਅਨਪੜ੍ਹਾਂ ਦੀ ਭਾਸ਼ਾ ਨਹੀਂ ਸਮਝਿਆ ਜਾਣਾ ਚਾਹੀਦਾ ਸਗੋਂ ਇਸ ਨੂੰ ਪਿਆਰ ਦੇਣਾ ਚਾਹੀਦਾ ਹੈ ਅਤੇ ਆਪਣੀ ਮਾਤ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਣੀ ਮਾਂ ਬੋਲੀ ਨੂੰ ਕਦੇ ਨਹੀਂ ਤਿਆਗਣਾ ਚਾਹੀਦਾ ਕਿਉਂਕਿ ਜੋ ਅਸੀਂ ਆਪਣੀ ਮਾਤ ਭਾਸ਼ਾ ਵਿਚ ਸਮਝਾ ਸਕਦੇ ਹਾਂ ਉਹ ਕਿਸੇ ਹੋਰ ਭਾਸ਼ਾ ਵਿਚ ਨਹੀਂ ਸਮਝਾਇਆ ਜਾ ਸਕਦਾ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਪਾਣੀ ਬਚਾਉਣ ਲਈ ਸਰਕਾਰ ਕੰਮ ਕਰ ਰਹੀ ਹੈ, ਪੰਜਾਬ ਵਿੱਚ ਪੀਣ ਯੋਗ ਪਾਣੀ ਬਹੁਤ ਘੱਟ ਹੈ, ਪਰ ਇਸ ਨੂੰ ਵਧਾਉਣ ਦੀ ਲੋੜ ਹੈ। ਅਸੀਂ ਪਾਣੀ 'ਤੇ ਵੀ ਕੰਮ ਕਰ ਰਹੇ ਹਾਂ, ਅਜਿਹੇ ਕਈ ਤਰੀਕੇ ਹਨ ਜਿਨ੍ਹਾਂ ਨਾਲ ਪਾਣੀ ਨੂੰ ਪੀਣ ਯੋਗ ਬਣਾਇਆ ਜਾ ਸਕਦਾ ਹੈ।