
ਪਰਵਾਰ ਨੇ ਦਿਤੀ ਅੰਤਿਮ ਵਿਦਾਈ
Punjab News: ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਨਾਲ ਸਬੰਧਤ 24 ਸਾਲਾ ਨੌਜਵਾਨ ਦੀ ਹਾਲ ਹੀ ਵਿਚ ਪੁਰਤਗਾਲ ਦੇ ਲਿਸਬਨ ਸ਼ਹਿਰ ਵਿਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਤਜਿੰਦਰ ਸਿੰਘ ਪੁੱਤਰ ਭਗਵੰਤ ਸਿੰਘ ਦੀ ਦੇਹ 16 ਦਿਨਾਂ ਬਾਅਦ ਅੱਜ ਉਸ ਦੇ ਜੱਦੀ ਪਿੰਡ ਉਸਮਾਨ ਸ਼ਹੀਦ ਵਿਖੇ ਪਹੁੰਚੀ। ਇਸ ਦੌਰਾਨ ਪਰਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਭਰੇ ਮਨ ਨਾਲ ਤਜਿੰਦਰ ਸਿੰਘ ਨੂੰ ਅੰਤਿਮ ਵਿਦਾਈ ਦਿਤੀ। ਪਰਿਵਾਰ ਨੇ ਅਪਣੇ ਪੁੱਤਰ ਦੀ ਦੇਹ ਵਾਪਸ ਲਿਆਉਣ ਲਈ ਪ੍ਰਵਾਸੀ ਭਾਈਚਾਰੇ ਦਾ ਧੰਨਵਾਦ ਕੀਤਾ।
ਮਿਲੀ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਜਦੋਂ ਤਜਿੰਦਰ ਸਿੰਘ ਅਪਣੀ ਡਿਊਟੀ ਖਤਮ ਕਰ ਕੇ ਘਰ ਪਰਤ ਰਿਹਾ ਸੀ। ਹਾਦਸੇ ਦੌਰਾਨ ਕਾਰ ਵਿਚ ਪੰਜ ਨੌਜਵਾਨ ਸਵਾਰ ਸਨ, ਜਿਨ੍ਹਾਂ ਵਿਚੋਂ ਤਜਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹੋਰ ਨੌਜਵਾਨਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਭਗਵੰਤ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ 16 ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਅਪਣੇ ਲੜਕੇ ਨੂੰ ਪੁਰਤਗਾਲ ਭੇਜਿਆ ਸੀ ਤਾਂ ਜੋ ਘਰ ਦੀ ਆਰਥਿਕ ਹਾਲਤ ਚੰਗੀ ਹੋ ਸਕੇ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਐਤਵਾਰ 5 ਫਰਵਰੀ ਨੂੰ ਰਿਸ਼ਤੇਦਾਰਾਂ ਨੇ ਘਰ ਆ ਕੇ ਉਨ੍ਹਾਂ ਦੇ ਪੁੱਤਰ ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਸੂਚਨਾ ਦਿਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੁਰਤਕਲਾਂ ਦੇ ਰਹਿਣ ਵਾਲੇ ਤਜਿੰਦਰ ਸਿੰਘ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ। ਉਨ੍ਹਾਂ ਦਸਿਆ ਕਿ ਉਹ ਲਗਾਤਾਰ ਤਜਿੰਦਰ ਸਿੰਘ ਦੇ ਦੋਸਤਾਂ ਅਤੇ ਐਨਆਰਆਈ ਵੀਰਾਂ ਨਾਲ ਸੰਪਰਕ ਵਿਚ ਸਨ, ਜਿਨ੍ਹਾਂ ਦੇ ਸਹਿਯੋਗ ਨਾਲ ਤੇਜਿੰਦਰ ਦੀ ਦੇਹ ਉਸ ਦੇ ਘਰ ਪਹੁੰਚ ਸਕੀ।
(For more Punjabi news apart from Punjab News body of youth who died in Portugal reached Punjab, stay tuned to Rozana Spokesman)