
ਇਸ ਸਰਜਰੀ ਪ੍ਰਕਿਰਿਆ ਦਾ ਉਦੇਸ਼ ਉਸ ਦੇ ਵਿਆਹ ਤੋਂ ਪਹਿਲਾਂ ਉਸ ਦੀ ਮੁਸਕਾਨ ਨੂੰ ਵਧਾਉਣਾ ਸੀ।
ਹੈਦਰਾਬਾਦ - ਹੈਦਰਾਬਾਦ ਦੇ ਇਕ 32 ਸਾਲਾ ਵਪਾਰੀ ਦੀ ਸਥਾਨਕ ਨਿੱਜੀ ਡੈਂਟਲ ਕਲੀਨਿਕ ਵਿਚ ਕਾਸਮੈਟਿਕ ਦੰਦਾਂ ਦੀ ਪ੍ਰਕਿਰਿਆ ਦੌਰਾਨ ਮੌਤ ਹੋ ਗਈ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਵਪਾਰੀ ਦੀ ਹਾਲ ਹੀ 'ਚ ਮੰਗਣੀ ਹੋਈ ਸੀ ਅਤੇ ਅਗਲੇ ਮਹੀਨੇ ਉਸ ਦਾ ਵਿਆਹ ਹੋਣਾ ਸੀ, ਜਿਸ ਕਾਰਨ ਉਹ 'ਸਮਾਇਲ ਡਿਜ਼ਾਈਨਿੰਗ' ਨਾਮਕ ਸਰਜਰੀ ਲਈ 16 ਫਰਵਰੀ ਨੂੰ ਡੈਂਟਲ ਕਲੀਨਿਕ ਗਿਆ ਸੀ। ਇਸ ਸਰਜਰੀ ਪ੍ਰਕਿਰਿਆ ਦਾ ਉਦੇਸ਼ ਉਸ ਦੇ ਵਿਆਹ ਤੋਂ ਪਹਿਲਾਂ ਉਸ ਦੀ ਮੁਸਕਾਨ ਨੂੰ ਵਧਾਉਣਾ ਸੀ।
ਪੁਲਿਸ ਅਨੁਸਾਰ, ਇਸ ਪ੍ਰਕਿਰਿਆ ਦੇ ਹਿੱਸੇ ਵਜੋਂ ਵਪਾਰੀ ਨੂੰ ਬੇਹੋਸ਼ ਕਰਨ ਲਈ ਐਨੇਸਥੀਸੀਆ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸਨੇ ਦਰਦ ਦੀ ਸ਼ਿਕਾਇਤ ਕੀਤੀ ਅਤੇ ਦੰਦਾਂ ਦੇ ਡਾਕਟਰਾਂ ਵੱਲੋਂ ਗੋਲੀਆਂ ਦਿੱਤੀਆਂ ਗਈਆਂ। ਬਾਅਦ ਵਿਚ ਉਸਨੇ ਢਿੱਡ ਵਿਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਉਹ ਟਾਇਲਟ ਗਿਆ, ਜਿੱਥੇ ਉਹ ਬੇਹੋਸ਼ ਹੋ ਗਿਆ। ਜੁਬਲੀ ਹਿਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਮ੍ਰਿਤਕ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਐਨੇਸਥੀਸੀਆ ਦੀ ਜ਼ਿਆਦਾ ਖੁਰਾਕ ਅਤੇ ਦੰਦਾਂ ਦੇ ਡਾਕਟਰ ਦੀ ਲਾਪਰਵਾਹੀ ਕਾਰਨ ਉਸ ਦੇ ਪੁੱਤਰ ਦੀ ਮੌਤ ਹੋਈ ਹੈ। ਪੁਲਿਸ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਦੰਦਾਂ ਦੇ ਹਸਪਤਾਲ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 304ਏ (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਕਿਹਾ ਕਿ ਦੰਦਾਂ ਦੇ ਡਾਕਟਰਾਂ ਨੇ ਆਪਣੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਇਨਕਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦੀ ਪੁਸ਼ਟੀ ਹੋਵੇਗੀ।