
ਜੇਲਾਂ ’ਚ ਬੰਦ ਜ਼ਿਆਦਾਤਰ ਅਪਰਾਧੀ ਨਸ਼ਿਆਂ ਨਾਲ ਸਬੰਧਤ
ਚੰਡੀਗੜ੍ਹ : ਪੰਜਾਬ ’ਚ ਭ੍ਰਿਸ਼ਟਾਚਾਰ ਤੇ ਨਸ਼ੇ ਦੇ ਖ਼ਾਤਮੇ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਤੇ ਲੋਕਾਂ ਤੋਂ ਇਨ੍ਹਾਂ ਮੁਹਿੰਮਾਂ ਨਾਲ ਜੁੜਨ ਦੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ। ਪਰੰਤੂ ਫਿਰ ਵੀ ਪੰਜਾਬ ਵਿਚ ਨਾ ਤਾਂ ਭ੍ਰਿਸ਼ਟਾਚਾਰ ਖ਼ਤਮ ਹੋਣ ਦਾ ਨਾਮ ਲੈ ਰਿਹਾ ਹੈ ਤੇ ਨਾ ਹੀ ਨਸ਼ਾ। ਸੂਬੇ ’ਚ ਵੱਧ ਰਹੇ ਨਸ਼ੇ ਕਾਰਨ ਅਪਰਾਧਕ ਗਤੀਵਿਧੀਆਂ ਵੀ ਵਧਦੀਆਂ ਜਾ ਰਹੀਆਂ ਹਨ। ਬੱਚੇ ਤੋਂ ਲੈ ਕੇ ਨੌਜਵਾਨ ਤਕ ਇਸ ਨਸ਼ੇ ਦੇ ਦਲਦਲ ਵਿਚ ਫਸਦਾ ਜਾ ਰਿਹਾ ਹੈ। ਪੰਜਾਬ ਦੇ ਹਰ ਪਿੰਡ ਹਰ ਸ਼ਹਿਰ ਵਿਚ ਨਸ਼ਾ ਹੁਣ ਆਮ ਹੋ ਗਿਆ ਹੈ। ਨਸ਼ੇ ਕਾਰਨ ਪੰਜਾਬ ਦੀਆਂ ਜੇਲਾਂ ’ਤੇ ਭਾਰ ਵਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸੂਬੇ ਦੀਆਂ ਜੇਲਾਂ ਵਿਚ 18 ਤੋਂ 20 ਸਾਲ ਦੇ 1124 ਨੌਜਵਾਨ ਬੰਦ ਹਨ। ਵੇਰਵਿਆਂ ਅਨੁਸਾਰ 20 ਸਾਲ ਤੋਂ ਘੱਟ ਉਮਰ ਦੇ ਲੜਕੇ ਜ਼ਿਆਦਾਤਰ ਨਸ਼ਿਆਂ ਅਤੇ ਲੁੱਟ-ਖੋਹ ਦੇ ਕੇਸਾਂ ’ਚ ਜੇਲਾਂ ’ਚ ਬੰਦ ਹਨ। ਪੰਜਾਬ ਦੀ ਨਵੀਂ ਪੀੜ੍ਹੀ ਕਿਧਰ ਜਾ ਰਹੀ ਹੈ, ਸਰਕਾਰਾਂ ਨੂੰ ਇਸ ਬਾਰੇ ਜਲਦ ਹੀ ਕੋਈ ਠੋਸ ਕਦਮ ਚੁੱਕਣਾ ਪਵੇਗਾ।
ਵੇਰਵਿਆਂ ਅਨੁਸਾਰ ਜੇਲਾਂ ’ਚ ਨੌਜਵਾਨਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਜੇਲਾਂ ’ਚ 18 ਤੋਂ 30 ਸਾਲ ਦੇ ਨੌਜਵਾਨਾਂ ਦੀ ਗਿਣਤੀ 15,304 ਹੈ ਜੋ ਕੁੱਲ ਬੰਦੀਆਂ ਦਾ 50.44 ਫ਼ੀ ਸਦੀ ਹੈ। 20 ਤੋਂ 30 ਸਾਲ ਉਮਰ ਵਰਗ ’ਚ 255 ਲੜਕੀਆਂ ਵੀ ਜੇਲਾਂ ਵਿਚ ਬੰਦ ਹਨ। ਬਠਿੰਡਾ, ਮਾਨਸਾ ਅਤੇ ਫ਼ਰੀਦਕੋਟ ਦੀਆਂ ਜੇਲਾਂ ਵਿਚ ਐਨਡੀਪੀਐਸ ਕੇਸਾਂ ਵਾਲੇ ਜ਼ਿਆਦਾ ਬੰਦੀ ਜਾਪਦੇ ਹਨ। ਵੱਡੀ ਮਾਰ ਜਵਾਨੀ ਨੂੰ ਪੈ ਰਹੀ ਹੈ। ਪੰਜਾਬ ’ਚ ‘ਚਿੱਟੇ’ ਕਾਰਨ ਬਹੁਤੇ ਨੌਜਵਾਨ ਮੌਤ ਦੇ ਮੂੰਹ ’ਚ ਜਾ ਰਹੇ ਹਨ। ਪਿੰਡਾਂ ਤੇ ਸ਼ਹਿਰਾਂ ’ਚ ਸ਼ਾਮ ਵਕਤ ‘ਚਿੱਟਾ’ ਲੈਣ ਵਾਲੇ ਅਕਸਰ ਝੂਮਦੇ ਨਜ਼ਰ ਆਉਂਦੇ ਹਨ। ਪੰਜਾਬ ਵਿਚ ਜ਼ਿਆਦਾ ਜੁਰਮ ਨਸ਼ਿਆਂ ਨਾਲ ਜੁੜੇ ਹੋਏ ਹਨ। ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟ ਕੇ ਹੀ ਬਾਕੀ ਜੁਰਮਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਜੇਲਾਂ ਵਿਚ 30 ਸਾਲ ਤੋਂ ਘੱਟ ਉਮਰ ਦੇ ਜੋ ਬੰਦੀ ਹਨ, ਉਨ੍ਹਾਂ ’ਚ ਐਨਡੀਪੀਐਸ ਅਤੇ ਸਨੈਚਿੰਗ ਕੇਸਾਂ ਵਾਲੇ ਜ਼ਿਆਦਾ ਹਨ। ਨਸ਼ੇੜੀ ਨਸ਼ੇ ਦੀ ਪੂਰਤੀ ਲਈ ਚੋਰੀ ਆਦਿ ਦੇ ਰਾਹ ਪੈਂਦੇ ਹਨ।
ਜੇਲਾਂ ’ਚ ਕੈਦੀ ਘੱਟ ਹਨ ਜਦੋਂ ਕਿ ਵਿਚਾਰ ਅਧੀਨ ਬੰਦੀ ਜ਼ਿਆਦਾ ਹਨ। ਇਸ ਵੇਲੇ ਸੂਬੇ ਦੀਆਂ ਜੇਲਾਂ ਵਿਚ ਕੁੱਲ 30,337 ਬੰਦੀ ਹਨ ਜਿਨ੍ਹਾਂ ’ਚੋਂ 23,842 ਵਿਚਾਰ ਅਧੀਨ ਬੰਦੀ ਹਨ ਜੋ ਕੁੱਲ ਦਾ 78.59 ਫ਼ੀ ਸਦੀ ਹਨ। ਲੁਧਿਆਣਾ ਦੀ ਜੇਲ ’ਚ ਸਭ ਤੋਂ ਵੱਧ ਘੜਮੱਸ ਹੈ ਜਿਥੇ ਇਸ ਵੇਲੇ 4,299 ਬੰਦੀ ਹਨ ਜਿਨ੍ਹਾਂ ’ਚੋਂ 3,261 ਵਿਚਾਰ ਅਧੀਨ ਬੰਦੀ ਹਨ ਜਦੋਂ ਕਿ ਕਪੂਰਥਲਾ ਜੇਲ ਦੇ ਕੁੱਲ 3,844 ਬੰਦੀਆਂ ’ਚੋਂ 3,194 ਵਿਚਾਰ ਅਧੀਨ ਬੰਦੀ ਹਨ। ਸਬ ਜੇਲ ਪੱਟੀ ’ਚ ਸਿਰਫ਼ ਚਾਰ ਕੈਦੀ ਹਨ ਜਦੋਂ ਕਿ 292 ਵਿਚਾਰ ਅਧੀਨ ਬੰਦੀ ਹਨ।