
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਦੇਸ਼ ਆਜ਼ਾਦ ਹੋਇਆਂ ਅੱਜ 70 ਸਾਲ ਬੀਤ ਚੁੱਕੇ ਹਨ ਪਰ..
ਚੰਡੀਗੜ੍ਹ, 18 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ): ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਦੇਸ਼ ਆਜ਼ਾਦ ਹੋਇਆਂ ਅੱਜ 70 ਸਾਲ ਬੀਤ ਚੁੱਕੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਵਾਂਗ ਵੱਡੇ ਫ਼ੈਸਲੇ ਲੈਣ ਵਾਲਾ ਲੀਡਰ ਅੱਜ ਤਕ ਕੋਈ ਨਹੀਂ ਹੋਇਆ।
'ਰੋਜ਼ਾਨਾ ਸਪੋਕਸਮੈਨ' ਦੇ ਦਫ਼ਤਰ ਪੁੱਜੇ ਸ. ਧਰਮਸੋਤ ਨੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਦਿਆਂ ਅਤੇ ਕਾਂਗਰਸ ਦੀ 4 ਮਹੀਨਿਆਂ ਦੀ ਕਾਰਗੁਜ਼ਾਰੀ ਬਾਰੇ ਕਿਹਾ ਕਿ ਇਨ੍ਹਾਂ ਚਾਰ ਮਹੀਨਿਆਂ ਵਿਚ ਕਾਂਗਰਸ ਸਰਕਾਰ ਨੇ ਆਮ ਲੋਕਾਂ ਦੇ ਪੱਖ ਵਿਚ ਅਜਿਹੇ ਫ਼ੈਸਲੇ ਲਏ ਜਿਨ੍ਹਾਂ ਬਾਰੇ ਅਕਾਲੀ ਦਲ ਪਿਛਲੇ ਦਸ ਸਾਲਾਂ ਵਿਚ ਸੋਚ ਵੀ ਨਹੀਂ ਸਕਿਆ। ਧਰਮਸੋਤ ਨੇ ਕਿਹਾ ਕਿ ਕਿਸਾਨਾਂ ਦੀ ਫ਼ਸਲ ਨੂੰ ਮੰਡੀਆਂ 'ਚੋਂ ਚੁਕਿਆ ਗਿਆ ਅਤੇ ਕਿਸਾਨਾਂ ਦੀ ਪਾਈ-ਪਾਈ ਵੀ ਚੁਕਾ ਦਿਤੀ ਗਈ। ਪਰ ਅਕਾਲੀ ਰਾਜ ਵਾਂਗ ਧਰਨੇ ਵੇਖਣ ਨੂੰ ਨਹੀਂ ਮਿਲੇ। ਕਈ ਲੋਕਾਂ ਵਲੋਂ ਕਾਂਗਰਸ ਦਾ ਵਿਰੋਧ ਕੀਤੇ ਜਾਣ ਦੇ ਸਵਾਲ ਦਾ ਜਵਾਬ ਦਿੰਦਿਆਂ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਲੋਕਾਂ ਦਾ ਗੁੱਸਾ ਜਾਇਜ਼ ਹੈ ਕਿਉਂਕਿ ਅਕਾਲੀ ਰਾਜ ਵਿਚ ਹੋਈ ਲੁੱਟ-ਖਸੁੱਟ ਕਾਰਨ ਲੋਕ ਅੱਜ ਵੀ ਦੁਖੀ ਹਨ। ਕਿਸਾਨ ਖ਼ੁਦਕੁਸ਼ੀ ਮਾਮਲੇ ਵਿਚ ਉਨ੍ਹਾਂ ਕਿਸਾਨਾਂ ਨੂੰ ਅਪੀਲ ਰੂਪੀ ਸ਼ਬਦਾਂ ਵਿਚ ਕਿਹਾ ਕਿ ਜਦੋਂ ਪਿਛਲੇ ਸਮਿਆਂ ਵਿਚ ਆਪਾਂ ਅੰਗਰੇਜ਼ ਹੁਕਮਰਾਨਾਂ ਤੋਂ ਨਹੀਂ ਡਰੇ ਤਾਂ ਫਿਰ ਕਰਜ਼ਿਆਂ ਤੋਂ ਕਿਉਂ ਡਰਨਾ ਹੈ । ਮੋਹਾਲੀ ਦੇ ਪਿੰਡ ਖਿਜ਼ਰਾਬਾਦ ਵਿਚ ਪਹਾੜੀ ਜ਼ਮੀਨ ਨੂੰ ਪੱਧਰਾ ਕਰ ਕੇ ਵੱਧ ਭਾਅ 'ਤੇ ਵੇਚਣ ਦੇ ਸਵਾਲ 'ਤੇ ਪ੍ਰਤੀਕਿਰਿਆ ਦਿੰਦੇ ਧਰਮਸੋਤ ਨੇ ਕਿਹਾ ਕਿ ਉਹ ਅਕਾਲੀ ਰਾਜ ਦੀ ਤਾਂ ਗੱਲ ਹੀ ਨਾ ਕਰੋ ਜਿਸ ਵਿਚ ਸੱਭ ਕੁੱਝ ਹੀ ਵਿਕਿਆ ਨਸ਼ਾ ਤੇ ਰੇਤਾ-ਬਜਰੀ ਤਕ ਵੀ ਵਿਕੀ।
ਇਸ ਮੁਲਾਕਾਤ ਦੌਰਾਨ ਉਨ੍ਹਾਂ ਪੂਰੇ ਪੰਜਾਬ ਵਿਚ 2 ਕਰੋੜ ਪੌਦੇ ਲਗਾਉਣ ਦੀ ਗੱਲ ਵੀ ਕੀਤੀ।
ਸ. ਧਰਮਸੋਤ ਨੇ ਸਪੋਕਸਮੈਨ ਦੇ ਚਲਦੇ ਪ੍ਰਾਜੈਕਟ 'ਉੱਚਾ ਦਰ ਬਾਬੇ ਨਾਨਕ ਦਾ' ਦੀ ਇਮਾਰਤ ਦੀ ਚਾਰ ਦੀਵਾਰੀ ਵਿਚ ਸੁੰਦਰ ਪੌਦੇ ਲਗਵਾਉਣ ਦੀ ਵੀ ਗੱਲ ਕਹੀ ਅਤੇ ਇਹ ਪੌਦੇ ਜਲਦ ਹੀ ਲਗਵਾ ਦਿਤੇ ਜਾਣਗੇ ਜਿਨ੍ਹਾਂ ਦੀ ਸਹੀ ਸਾਂਭ ਸੰਭਾਲ ਵੀ ਕਰਵਾਈ ਜਾਏਗੀ। ਇਸ ਸਾਰੀ ਮੁਲਾਕਾਤ ਨੂੰ ਫ਼ੇਸਬੁਕ ਪੇਜ 'ਰੋਜ਼ਾਨਾ ਸਪੋਕਸਮੈਨ' ਅਤੇ ਯੂ-ਟਿਊਬ ਚੈਨਲ ਸਪੋਕਸਮੈਨ ਟੀਵੀ 'ਤੇ ਵੇਖਿਆ ਜਾ ਸਕਦਾ ਹੈ।