
ਸਿੰਘੂ ਸਰਹੱਦ 'ਤੇ ਕਿਸਾਨਾਂ ਦੇ ਇਕ ਤੰਬੂ ਵਿਚ ਲੱਗੀ ਅੱਗ
ਮੋਬਾਈਲ ਫ਼ੋਨ, ਗੱਦੇ, ਕੁਰਸੀਆਂ ਅਤੇ ਸੁੱਕਾ ਰਾਸ਼ਨ ਸੜ ਕੇ ਹੋਇਆ ਸਵਾਹ
ਨਵੀਂ ਦਿੱਲੀ, 20 ਮਾਰਚ : ਸੰਯੁਕਤ ਕਿਸਾਨ ਮੋਰਚਾ ਨੇ ਸਨਿਚਰਵਾਰ ਨੂੰ ਦਾਅਵਾ ਕੀਤਾ ਕਿ ਦਿੱਲੀ ਦੀ ਸਿੰਘੂ ਸਰਹੱਦ 'ਤੇ ਇਕ ਤੰਬੂ 'ਚ ਅੱਗ ਲੱਗ ਗਈ, ਜਿਥੇ ਕਿਸਾਨ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ | ਇਕ ਪ੍ਰਦਰਸ਼ਨਕਾਰੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਘਟਨਾ ਸਵੇਰੇ 10 ਦੇ ਕਰੀਬ ਇਕ ਉਸਾਰੀ ਅਧੀਨ ਫਲਾਈਓਵਰ ਕੋਲ ਹੋਈ, ਜਿਥੇ ਤੰਬੂ ਲਗਾਇਆ ਗਿਆ ਸੀ | ਹਾਲਾਂਕਿ ਪੁਲਿਸ ਜਾਂ ਅੱਗ ਬੁਝਾਊ ਵਿਭਾਗ ਵਲੋਂ ਇਸ ਘਟਨਾ ਬਾਰੇ ਕੋਈ ਅਧਿਕਾਰਤ ਗੱਲ ਨਹੀਂ ਕਹੀ ਗਈ ਹੈ | ਅੰਦੋਲਨ ਦੀ ਅਗਵਾਈ ਕਰਨ ਵਾਲੇ ਇਸ ਮੋਰਚੇ ਨੇ ਕਿਹਾ ਕਿ ਤੰਬੂ ਪੂਰੀ ਤਰ੍ਹਾਂ ਨਾਲ ਸੜ ਗਿਆ ਹੈ |
ਐੱਸ.ਕੇ.ਐੱਮ. ਨੇ ਦਾਅਵਾ ਕੀਤਾ ਕਿ ਅੱਗ ਬੁਝਾਉਣ ਦੀ ਕੋਸ਼ਿਸ਼ ਦੌਰਾਨ ਇਕ ਵਿਅਕਤੀ ਜ਼ਖ਼ਮੀ ਵੀ ਹੋ ਗਿਆ | ਇਕ ਸਿਲੰਡਰ 'ਚ ਅੱਗ ਲਗਣ ਤੋਂ ਬਾਅਦ ਤੰਬੂ ਸੜ ਗਿਆ | ਸੰਗਠਨ ਨੇ ਕਿਹਾ ਕਿ ਟੈਂimageਟ 'ਚ ਜਦੋਂ ਅੱਗ ਲੱਗੀ, ਉਦੋਂ ਉਸ ਅੰਦਰ ਲਗਭਗ 10 ਤੋਂ 12 ਲੋਕ ਮੌਜੂਦ ਸਨ | ਅੱਗ 'ਚ 5 ਮੋਬਾਈਲ ਫ਼ੋਨ, 20 ਗੱਦੇ, 20 ਕੁਰਸੀਆਂ ਅਤੇ ਸੁੱਕਾ ਰਾਸ਼ਨ ਸੜ ਗਿਆ | ਜ਼ਿਕਰਯੋਗ ਹੈ ਕਿ ਨਵੰਬਰ ਦੇ ਬਾਅਦ ਤੋਂ ਹੀ ਹਜਾਰਾਂ ਕਿਸਾਨ ਦਿੱਲੀ ਦੇ ਗਾਜੀਪੁਰ, ਸਿੰਘੂ ਅਤੇ ਟਿਕਰੀ ਸਰਹੱਦ 'ਤੇ ਡੇਰਾ ਲਾਏ ਹੋਏ ਹਨ, ਜੋ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ | (ਪੀਟੀਆਈ)