
ਕਿਸਾਨਾਂ ਦੀ ਹਮਾਇਤ ਵਿਚ ਵ੍ਹਾਈਟ ਹਾਊਸ ਸਾਹਮਣੇ ਅੰਦੋਲਨ 10ਵੇਂ ਦਿਨ 'ਚ ਪਹੁੰਚਿਆ
ਮੋਦੀ ਸਰਕਾਰ ਨੂੰ ਇਤਿਹਾਸ ਬਾਰੇ ਜਾਣਕਾਰੀ ਨਹੀਂ : ਅਜੀਤ ਸਿੰਘ ਮਾਂਗਟ
ਵਾਸ਼ਿੰਗਟਨ ਡੀ. ਸੀ., 20 ਮਾਰਚ (ਗਿੱਲ): ਐਨ. ਆਰ. ਆਈਜ਼ ਫ਼ਾਰ ਫ਼ਾਰਮਰਜ਼ ਅਧੀਨ ਅਮਰੀਕਾ ਵਸਦੇ ਕਿਸਾਨ ਹਮਾਇਤੀ ਵ੍ਹਾਈਟ ਹਾਊਸ ਦੇ ਸਾਹਮਣੇ ਲੜੀਵਾਰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ | ਇਹ ਪ੍ਰਦਰਸ਼ਨ ਸਫ਼ਲਤਾ ਪੂਰਵਕ 10ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ | ਅੱਜ ਦੇ ਅੰਦੋਲਨ ਦੀ ਸੁਚੱਜੀ ਅਗਵਾਈ ਦੁੱਲਾ ਭੱਟੀ ਦੇ ਪ੍ਰਸਿੱਧ ਲੇਖਕ ਧਰਮ ਸਿੰਘ ਗੁਰਾਇਆ ਨੇ ਕੀਤੀ |
ਸ. ਧਰਮ ਸਿੰਘ ਗੁਰਾਇਆ ਨੇ ਆਖਿਆ ਕਿ ਮੋਦੀ ਸਰਕਾਰ ਨੂੰ ਇਨ੍ਹਾਂ ਕਨੂੰਨਾਂ ਨੂੰ ਵਾਪਸ ਲੈਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ, ਕਿਉਂਕਿ ਕਿਸਾਨ ਪਿੱਛੇ ਹਟਣ ਵਾਲਾ ਨਹੀਂ ਹੈ | ਜ਼ਮੀਨ ਕਿਸਾਨਾਂ ਦੀ ਮਾਂ ਹੈ | ਮਾਂ ਨਾਲ ਛੇੜ-ਛਾੜ ਕਦਾਚਿਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਕਿਸਾਨ ਮਰ ਸਕਦਾ ਹੈ | ਪਰ ਕਿਸਾਨ ਵਿਰੋਧੀ ਬਿਲਾਂ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ |
ਕੁਲਵੰਤ ਸਿੰਘ ਸਰਪੰਚ ਨੇ ਕਿਹਾ ਕਿ ਮੋਦੀ ਅਪਣੀਆਂ ਹਿਟਲਰਸ਼ਾਹੀ ਨੀਤੀਆਂ ਕਰ ਕੇ ਹੰਕਾਰ ਦੀ ਸਿਖਰ 'ਤੇ ਜਾ ਪੁੱਜਾ ਹੈ, ਪਹਿਲਾਂ ਨੋਟਬੰਦੀ ਕੀਤੀ ਉਦੋਂ ਕੋਈ ਨਹੀਂ ਬੋਲਿਆ, ਜੀ.ਐਸ.ਟੀ. ਲਾਗੂ ਕੀਤੀ ਉਦੋਂ ਕੋਈ ਨਹੀਂ ਬੋਲਿਆ, ਪਰ ਕਿਸਾਨ ਅਪਣੇ ਹੱਕਾਂ ਲਈ ਹਮੇਸ਼ਾ ਅੜ ਜਾਂਦਾ ਹੈ, ਸੋ ਮੋਦੀ ਨੂੰ ਹਰ ਹਾਲ ਝੁਕਣਾ ਪਵੇਗਾ | ਇਸ ਮੌਕੇ ਅਜੀਤ ਸਿੰਘ ਮਾਂਗਟ ਨੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਬੰਗਾਲ ਤੇ ਪੰਜਾਬ ਦੇ ਇਤਿਹਾਸ ਤੋਂ ਅਣਜਾਣ ਹੈ | ਖ਼ਾਸ ਕਰ ਕੇ ਕਿਸਾਨਾਂ ਦੇ ਇਤਿਹਾਸ ਤੋਂ ਮੋਦੀ ਸਰਕਾਰ ਨੂੰ ਇਤਿਹਾਸ ਪੜ੍ਹ ਕੇ ਇਹ ਜਾਣ ਲੈਣਾ ਚਾਹੀਦਾ ਹੈ ਕਿ ਕਿਸਾਨ ਕਦੇ ਵੀ ਪਿੱਛੇ ਨਹੀਂ ਹਟੇ | ਸੋ ਜਿੰਨਾ ਛੇਤੀ ਹੋ ਸਕੇ ਇਨ੍ਹਾਂ ਕਾਲੇ ਕਿਸਾਨੀ ਕਾਨੂੰਨਾਂ ਨੂੰ ਵਾਪਸ ਕਰ ਕੇ ਕਿਸਾਨਾਂ ਨੂੰ ਖ਼ੁਸ਼ੀ-ਖ਼ੁਸ਼ੀ ਘਰ ਤੋਰਨਾ ਚਾਹੀਦਾ ਹੈ | ਅੱਜ ਦਾ ਵ੍ਹਾਈਟ ਹਾਊਸ ਸਾਹਮਣੇ ਅੰਦੋਲਨ ਲੋਕਾਂ ਵਿਚ ਖੇਤੀ ਕਨੂੰਨਾਂ ਦੇ ਵਿਰੋਧ ਵਿਚ ਅਪਣੀ ਗੱਲ ਪਹੁੰਚਾਉਣ ਵਿਚ ਸਫ਼ਲ ਰਿਹਾimage | ਅੱਜ ਦੇ ਅੰਦੋਲਨ ਵਿਚ ਕੁਲਵੰਤ ਸਿੰਘ ਸਰਪੰਚ, ਧਰਮ ਸਿੰਘ ਗੁਰਇਆ, ਅਜੀਤ ਸਿੰਘ ਮਾਂਗਟ, ਕੁਲਬੀਰ ਸਿੰਘ ਗੁਰਇਆ, ਗੁਰਚਰਨ ਸਿੰਘ ਬੋਪਾਰਾਏ ,ਪਰਮਿੰਦਰ ਸਿਘ ਗਿੱਲ ਨੇ ਹਿੱਸਾ ਲਿਆ |