HC ਨੇ ਇੱਕ ਹਫ਼ਤੇ 'ਚ ਅੰਮ੍ਰਿਤਪਾਲ ਸਿੰਘ ਨੂੰ ਪੇਸ਼ ਕਰਨ ਦਾ ਦਿੱਤਾ ਹੁਕਮ
27 ਮਾਰਚ ਨੂੰ ਹੋਵੇਗੀ ਅਗਲੀ ਸੁਣਵਾਈ
ਚੰਡੀਗੜ੍ਹ : ਅੰਮ੍ਰਿਤਪਾਲ ਸਿੰਘ ਦੇ ਕਾਨੂੰਨੀ ਸਲਾਹਕਾਰ ਈਮਾਨ ਸਿੰਘ ਖਾਰਾ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਹੈਬੀਅਸ ਕੋਰਪਸ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ 'ਤੇ ਅੱਜ ਸੁਣਵਾਈ ਹੋਈ ਅਤੇ ਪੰਜਾਬ ਸਰਕਾਰ ਵਲੋਂ ਜਵਾਬ ਪੇਸ਼ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਵਕੀਲ ਈਮਾਨ ਸਿੰਘ ਖਾਰਾ ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ਨੂੰ ਪੁਲਿਸ ਵਲੋਂ ਦਿੱਤੀ ਜਾਣਕਾਰੀ 'ਤੇ ਯਕੀਨ ਨਹੀਂ ਹੈ। ਉਨ੍ਹਾਂ ਦੇ ਕਹਿਣ ਮੁਤਾਬਕ ਮਾਨਯੋਗ ਹਾਈਕੋਰਟ ਨੂੰ ਇਸ ਗੱਲ 'ਤੇ ਯਕੀਨ ਨਹੀਂ ਹੈ ਕਿ ਜਿਸ 'ਤੇ ਇੰਨੇ ਮਾਮਲੇ ਦਰਜ ਹੋਣ ਅਤੇ ਸਾਰੇ ਪੰਜਾਬ ਦੀ ਪੁਲਿਸ ਜਿਸ ਦੇ ਪਿੱਛੇ ਹੋਵੇ ਅਤੇ ਉਹ ਫ਼ਰਾਰ ਹੋ ਜਾਵੇ।
ਇਹ ਵੀ ਪੜ੍ਹੋ: ਦਿੱਲੀ ਦੀ ਜਨਤਾ ਤੋਂ ਆਪਣੀ ਹਾਰ ਦਾ ਬਦਲਾ ਲੈ ਰਹੀ ਹੈ ਕੇਂਦਰ ਸਰਕਾਰ : MP ਰਾਘਵ ਚੱਢਾ
ਐਡਵੋਕੇਟ ਈਮਾਨ ਸਿੰਘ ਖਾਰਾ ਨੇ ਗੱਲਬਾਤ ਦੌਰਾਨ ਕਿਹਾ ਕਿ ਮਾਨਯੋਗ ਹਾਈਕੋਰਟ ਨੂੰ ਲਗਦਾ ਹੈ ਕਿ ਇਹ ਪੁਲਿਸ ਵਲੋਂ ਬਣਾਈ ਗਈ ਇੱਕ ਕਹਾਣੀ ਹੈ ਜਿਸ ਲਈ ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਅਗਲੇ ਹਫ਼ਤੇ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਕਈ ਚਸ਼ਮਦੀਦਾਂ ਵਲੋਂ ਜਾਣਕਾਰੀ ਮਿਲੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ ਜਿਸ ਦੀਆਂ ਕਈ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅਗਲੀ ਸੁਣਵਾਈ ਦੌਰਾਨ ਉਹ ਮੀਡੀਆ ਵਿਚ ਚਲ ਰਹੀਆਂ ਖ਼ਬਰਾਂ, ਵੀਡੀਓ ਆਦਿ ਨੂੰ ਸਬੂਤ ਦੇ ਅਧਾਰ 'ਤੇ ਪੇਸ਼ ਕਰਨਗੇ।