FIR ਦੀ Exclusive ਕਾਪੀ ਆਈ ਸਾਹਮਣੇ, ਪੜ੍ਹੋ ਉਸ ਦਿਨ ਦੇ ਅਹਿਮ ਖ਼ੁਲਾਸੇ
ਮੋਹਾਲੀ : ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਖ਼ਿਲਾਫ਼ ਪੰਜਾਬ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਫਿਲਹਾਲ ਹਰਜੀਤ ਸਿੰਘ ਨੂੰ ਐਨਐਸਏ ਲਗਾਉਣ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਹਰਜੀਤ ਨੇ ਕਰੀਬ 30 ਘੰਟੇ ਇਕ ਪਰਿਵਾਰ ਨੂੰ ਬੰਧਕ ਬਣਾ ਕੇ ਰੱਖਿਆ ਅਤੇ ਟੀਵੀ 'ਤੇ ਪੁਲਿਸ ਦੀ ਸਾਰੀ ਕਾਰਵਾਈ 'ਤੇ ਨਜ਼ਰ ਰੱਖੀ।
ਇਸ ਐਫ.ਆਈ.ਆਰ. ਦੀ ਇੱਕ ਕਾਪੀ ਸਾਹਮਣੇ ਆਈ ਹੈ ਜੋ ਉਕਤ ਸਰਪੰਚ ਵਲੋਂ ਪੁਲਿਸ ਕੋਲ ਦਰਜ ਕਰਵਾਈ ਗਈ ਸੀ ਜਿਸ ਨੂੰ ਬੰਧਕ ਬਣਾ ਕੇ ਰੱਖਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਐਫ.ਆਈ.ਆਰ ਵਿਚ ਸਪਸ਼ਟ ਤੌਰ 'ਤੇ ਲਿਖਿਆ ਹੋਏ ਹੈ ਕਿ ਸਾਨੂੰ ਹਥਿਆਰਾਂ ਦੀ ਨੋਕ 'ਤੇ ਬੰਦੀ ਬਣਾਇਆ ਗਿਆ ਸੀ ਅਤੇ ਜਦੋਂ ਸਾਨੂੰ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਖਬਰ ਮਿਲੀ ਉਦੋਂ ਅਸੀਂ ਆਪਣੇ ਘਰ ਤੋਂ ਬਾਹਰ ਨਿਕਲੇ ਕਿਉਂਕਿ ਸਾਨੂੰ ਘਰ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਸੀ। ਹਥਿਆਰਾਂ ਦੇ ਡਰੋਂ ਅਸੀਂ ਘਰ ਵਿਚ ਹੀ ਬੰਦ ਸੀ।
ਇਹ ਵੀ ਪੜ੍ਹੋ: ਪੁੱਤ ਨੇ ਪੂਰੀ ਕੀਤੀ ਬਿਮਾਰ ਮਾਂ ਦੀ ਇੱਛਾ:ਮਾਂ ਨੂੰ ਸਟਰੈਚਰ 'ਤੇ ਪਾ ਕੇ ਗੁਜਰਾਤ ਤੋਂ ਕਰੀਬ 1000 ਕਿਮੀ ਦੂਰ ਤਾਜ ਮਹਿਲ ਦਿਖਾਉਣ ਲਿਆਇਆ ਪੁੱਤਰ
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਅੰਮ੍ਰਿਤਪਾਲ ਅਤੇ ਉਸ ਦਾ ਚਾਚਾ ਹਰਜੀਤ ਸਿੰਘ ਵੱਖ ਹੋ ਗਏ। ਜਿਸ ਤੋਂ ਬਾਅਦ ਹਰਜੀਤ ਸਿੰਘ ਜਲੰਧਰ ਦੇ ਇੱਕ ਸਰਪੰਚ ਦੇ ਘਰ ਲੁਕ ਗਿਆ। ਇੱਥੇ ਉਸ ਨੇ ਬੰਦੂਕ ਦੀ ਨੋਕ 'ਤੇ ਪੂਰੇ ਪਰਿਵਾਰ ਨੂੰ ਬੰਧਕ ਬਣਾ ਲਿਆ ਅਤੇ ਹਰ ਖਬਰ 'ਤੇ ਨਜ਼ਰ ਰੱਖੀ। ਉਧਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਦੋਂ ਹਰਜੀਤ ਸਿੰਘ ਤੱਕ ਇਹ ਖ਼ਬਰ ਪਹੁੰਚੀ ਕਿ ਪੁਲਿਸ ਵਲੋਂ ਨਾਕੇਬੰਦੀ ਹਟਾ ਦਿੱਤੀ ਗਈ ਹੈ ਤਾਂ ਉਹ ਉਸ ਘਰ ਤੋਂ ਬਾਹਰ ਗਏ ਅਤੇ ਪੁਲਿਸ ਵਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹੀ ਦਾਅਵਾ ਇਸ ਐਫ.ਆਈ.ਆਰ. ਵਿਚ ਵੀ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਗ੍ਰਿਫ਼ਤਾਰੀ ਮੌਕੇ ਹਰਜੀਤ ਸਿੰਘ ਕੋਲੋਂ ਵੱਡੀ ਗਿਣਤੀ ਵਿਚ ਨਕਦੀ ਬਰਾਮਦ ਹੋਈ ਸੀ ਅਤੇ ਹੁਣ ਉਨ੍ਹਾਂ ਨੂੰ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ।