
ਬਚਾਅ ਲਈ ਅੱਗੇ ਆਇਆ ਲੜਕੇ ਦਾ ਪਿਤਾ ਵੀ ਗੰਭੀਰ ਜ਼ਖ਼ਮੀ
ਮਲੋਟ : ਸਥਾਨਕ ਬਾਲਮੀਕੀ ਇਲਾਕੇ 'ਚ ਆਪਸੀ ਰੰਜਿਸ਼ ਕਾਰਨ ਦੋ ਧਿਰਾਂ 'ਚ ਹੋਈ ਭਿਆਨਕ ਲੜਾਈ 'ਚ 30 ਸਾਲਾ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਮ੍ਰਿਤਕ ਦਾ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਮਲੋਟ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਰਾਹੁਲ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਥਾਣਾ ਸਿਟੀ ਮਲੋਟ ਦੀ ਮੌਤ ਹੋ ਗਈ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਮੁਹੱਲੇ ਦੀ ਇੱਕ ਲੜਕੀ ਰਾਹੁਲ ਕੁਮਾਰ ਨਾਲ ਲਿਵ-ਇਨ ਵਿਚ ਰਹਿ ਰਹੀ ਸੀ ਜਿਸ ਦੇ ਚਲਦੇ ਖਫ਼ਾ ਪਰਿਵਾਰ ਨੇ ਲੜਕੇ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ।
ਇਹ ਵੀ ਪੜ੍ਹੋ: ਪੰਜਾਬ ਵਿਚ ਕਈ ਥਾਈਂ ਮੋਬਾਈਲ ਇੰਟਰਨੈੱਟ ਬੰਦ, ਆਨਲਾਈਨ ਸੇਵਾਵਾਂ ਪ੍ਰਭਾਵਿਤ
ਪ੍ਰਾਪਤ ਵੇਰਵਿਆਂ ਅਨੁਸਾਰ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਸਨ ਪਰ ਲੜਕੀ ਦੇ ਪਰਿਵਾਰ ਨੇ ਉਸ ਦਾ ਵਿਆਹ ਕੀਤੇ ਹੋਰ ਕਰ ਦਿੱਤਾ। ਲੜਕੀ ਉਥੋਂ ਵਾਪਸ ਆ ਗਈ ਅਤੇ ਰਾਹੁਲ ਨਾਲ ਰਹਿਣ ਲੱਗ ਪਈ। ਇਸ ਬਾਰੇ ਲੜਕੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਲੜਕੀ ਦੇ ਪੇਕੇ ਪਰਿਵਾਰ ਤੋਂ ਕੁਝ ਦੂਰੀ 'ਤੇ ਉਸੇ ਮੁਹੱਲੇ ਵਿਚ ਹੀ ਹੈ। ਪਹਿਲਾਂ ਉਹ ਕੀਤੇ ਹੋਰ ਕਿਰਾਏ 'ਤੇ ਰਹਿੰਦੇ ਸਨ ਪਰ ਹੁਣ ਆਪਣੇ ਘਰ ਵਾਪਸ ਆਏ ਸਨ ਜਿਥੇ ਉਨ੍ਹਾਂ ਦੇ ਘਰ ਦੀ ਮੁਰੰਮਤ ਚਲ ਰਹੀ ।
ਲੜਕੀ ਦੇ ਪਰਿਵਾਰ ਵਾਲੇ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸਨ ਜਿਸ ਦੇ ਚਲਦੇ ਉਨ੍ਹਾਂ ਨੇ ਲੂਣ ਘੋਟਣੇ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ। ਇਹ ਭਿਆਨਕ ਹਮਲੇ ਵਿਚ ਲੜਕੇ ਦੀ ਮੌਤ ਹੋ ਗਈ ਜਦਕਿ ਬਚਾਅ ਲਈ ਆਇਆ ਲੜਕੇ ਦਾ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ ਹੈ।
ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਪਸੀ ਰੰਜਿਸ਼ ਕਾਰਨ ਇਹ ਝਗੜਾ ਹੋਇਆ ਜਿਸ ਵਿਚ ਰਾਹੁਲ ਕੁਮਾਰ ਦੀ ਮੌਤ ਹੋ ਗਈ ਜਦਕਿ ਇੱਕ ਜ਼ਖ਼ਮੀ ਹੋਇਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।