
ਦੂਜਾ ਮੁਲਜ਼ਮ ਅਜੇ ਵੀ ਫਰਾਰ
ਅੰਮ੍ਰਿਤਸਰ : ਕੁੱਝ ਦਿਨ ਪਹਿਲਾਂ ਇਕ ਫੁਟਬਾਲ ਮੈਚ ਦੌਰਾਨ ਇਕ ਬੱਚੇ ਦੀ ਗੋਲੀ ਲੱਗਣ ਨਾਲ ਹੋਈ ਮੌਤ ਦੇ ਮਾਮਲੇ ’ਚ ਗ੍ਰਿਫ਼ਤਾਰ ਇਕ ਮੁਲਜ਼ਮ ਕਥਿਤ ਤੌਰ ’ਤੇ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਿਸ ਦੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਘਟਨਾ ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਦੇ ਪਿੰਡ ਖੱਬੇ ਰਾਜਪੂਤਾਂ ਦੀ ਹੈ।
ਫੁਟਬਾਲ ਮੈਚ ਦੌਰਾਨ ਦੋ ਸ਼ੂਟਰਾਂ ਵਲੋਂ ਗੋਲੀ ਚਲਾਈ ਗਈ ਸੀ। ਇਸ ਮਾਮਲੇ ’ਚ ਅੱਜ ਕੁਲਬੀਰ ਸਿੰਘ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ ਸੀ ਜਦਕਿ ਦੂਜਾ ਮੁਲਜ਼ਮ ਅਜੇ ਵੀ ਫਰਾਰ ਹੈ। ਕੁਲਬੀਰ ਸਿੰਘ ਤੋਂ ਪੁੱਛਗਿਛ ਕੀਤੀ ਗਈ ਅਤੇ ਉਸ ਨੂੰ ਜਦੋਂ ਹਥਿਆਰ ਰਿਕਵਰੀ ਲਈ ਲਿਆਂਦਾ ਗਿਆ ਤਾਂ ਉਸ ਨੇ ਪਿਸਤੌਲ ਨਾਲ ਪੁਲਿਸ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਜਵਾਬੀ ਕਾਰਵਾਈ ’ਚ ਪੁਲਿਸ ਵਲੋਂ ਗੋਲੀ ਚਲਾਈ ਗਈ ਅਤੇ ਇਹ ਗੋਲੀ ਕੁਲਬੀਰ ਦੀ ਲੱਤ ’ਚ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।