
ਤਿੰਨ ਵਾਰੀ ਹਲਕਾ ਰਾਜਾਸਾਸੀ ਤੋਂ ਐਮ.ਐਲ.ਏ ਬਣੇ ਹਨ। ਸਰਕਾਰੀਆ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਸਾਥੀਆਂ 'ਚ ਸ਼ੁਮਾਰ ਹਨ।
ਹਲਕਾ ਰਾਜਾਸਾਂਸੀ ਤੋਂ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਦੇ ਕੈਬਨਿਟ ਮੰਤਰੀ ਬਣਨ ਦੇ ਐਲਾਨ ਨਾਲ ਉਨ੍ਹਾਂ ਦੇ ਸਮਰਥਕ ਬੇਹੱਦ ਖ਼ੁਸ਼ ਹਨ। ਉਨ੍ਹਾਂ ਦੇ ਘਰ ਮੁਬਾਰਕਾਂ ਦੇਣ ਵਾਲਿਆਂ ਦੀ ਭੀੜ ਲੱਗ ਗਈ ਹੈ। ਉਹ ਤਿੰਨ ਵਾਰੀ ਹਲਕਾ ਰਾਜਾਸਾਸੀ ਤੋਂ ਐਮ.ਐਲ.ਏ ਬਣੇ ਹਨ। ਸਰਕਾਰੀਆ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਸਾਥੀਆਂ 'ਚ ਸ਼ੁਮਾਰ ਹਨ। 1997 'ਚ ਸਰਗਰਮ ਸਿਆਸਤ ਵਿਚ ਆਏ ਸੁਖਬਿੰਦਰ ਸਿੰਘ ਸਰਕਾਰੀਆ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਬਣੇ ਸਨ। ਉਨ੍ਹਾਂ ਲੋਕ ਸਭਾ ਹਲਕਾ ਤਰਨ ਤਾਰਨ ਤੋਂ ਸੰਨ 2004 ਵਿਚ ਚੋਣ ਵੀ ਲੜੀ। ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਸਮੇਂ ਉਹ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਣੇ। ਉਹ ਪੇਡਾ ਦੇ ਚੇਅਰਮੈਨ ਵੀ ਰਹੇ। ਸੁਖਬਿੰਦਰ ਸਿੰਘ ਸਰਕਾਰੀਆ ਵਿਧਾਨ ਸਭਾ ਦੀਆਂ ਅਹਿਮ ਕਮੇਟੀਆਂ ਦੇ ਚੇਅਰਮੈਨ ਤੇ ਮੈਂਬਰ ਵੀ ਰਹੇ। ਹੁਣ ਉਨ੍ਹਾਂ ਨੂੰ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਨੂੰ ਰਾਹਤ ਪਹੁੰਚਾਉਣ ਤੇ ਪੀੜਤ ਪਰਵਾਰਾਂ ਤਕ ਪਹੁੰਚ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ।
sukhwinder singh sarkaria
ਸਰਕਾਰੀਆ ਤਕ ਹਰ ਵਿਅਕਤੀ ਕਿਸੇ ਸਮੇਂ ਵੀ ਪਹੁੰਚ ਕਰ ਸਕਦਾ ਹੈ। ਦਰਿਆਈ ਪਾਣੀਆਂ ਦੇ ਮਸਲੇ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਮਗਰੋਂ 42 ਵਿਧਾਇਕਾਂ ਨੇ ਅਸਤੀਫ਼ੇ ਦਿਤੇ ਜਿਨ੍ਹਾਂ ਵਿਚ ਸਰਕਾਰੀਆ ਵੀ ਸ਼ਾਮਲ ਸਨ। 31 ਮਾਰਚ 1956 ਨੂੰ ਪਿੰਡ ਧੌਲ ਕਲਾਂ ਨਰਿੰਦਰ ਸਿੰਘ ਸਰਕਾਰੀਆ ਦੇ ਘਰ ਜਨਮੇ ਸੁਖਬਿੰਦਰ ਸਿੰਘ ਸਰਕਾਰੀਆ ਨੇ ਮੁਢਲੀ ਤਾਲੀਮ ਪਿੰਡ ਦੇ ਸਕੂਲ ਵਿਚ ਹਾਸਲ ਕਰਨ ਤੋਂ ਬਾਅਦ ਗ੍ਰੈਜੂਏਸ਼ਨ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ। ਇਸ ਵੇਲੇ ਉਨ੍ਹਾਂ ਦੀ ਰਿਹਾਇਸ਼ ਸੂਰਤਾ ਸਿੰਘ ਰੋਡ, ਕੋਟ ਖ਼ਾਲਸਾ ਅੰਮ੍ਰਿਤਸਰ ਵਿਖੇ ਹੈ ਜਿਥੇ ਉਹ ਕਿਸਾਨੀ, ਵਪਾਰਕ, ਕਾਰੋਬਾਰ ਤੇ ਰਾਜਨੀਤੀ ਕਰ ਰਹੇ ਹਨ। ਸਰਕਾਰੀਆਂ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਧਨਵਾਦ ਕਰਦਿਆਂ ਕਿਹਾ ਕਿ ਉਹ ਮੰਤਰੀ ਵਜੋਂ ਸੱਚਖੰਡ ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਰਾਮ ਤੀਰਥ ਵਿਖੇ ਸ਼ੁਕਰਾਨੇ ਵਜੋਂ ਨਤਮਸਤਕ ਹੋਣਗੇ।