
ਮੰਡੀਆਂ ’ਚ ਪਈ ਕਣਕ ਭਿੱਜੀ ਤੇ ਖੇਤਾਂ ’ਚ ਪੱਕੀ ਖੜੀ ਕਟਾਈ ਵਾਲੀ ਫ਼ਸਲ ਦਾ ਵੀ ਨੁਕਸਾਨ
ਚੰਡੀਗੜ੍ਹ, 20 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ’ਚ ਕਣਕ ਦੀ ਖ਼ਰੀਦ ਸ਼ੁਰੂ ਹੋਣ ਤੋਂ ਬਾਅਦ 6 ਦਿਨਾਂ ਅੰਦਰ ਹੀ ਕਿਸਾਨਾਂ ’ਤੇ ਕੁਦਰਤ ਦੀ ਮਾਰ ਪਈ ਹੈ। ਅੱਜ ਮੁੜ ਰਾਜ ਦੇ ਵੱਖ-ਵੱਖ ਜ਼ਿਲਿ੍ਹਆਂ ’ਚ ਬਾਅਦ ਦੁਪਹਿਰ ਮੀਂਹ ਅਤੇ ਗੜੇਮਾਰੀ ਹੋਈ ਜਿਸ ਨਾਲ ਪਹਿਲਾਂ ਹੀ ਮੰਡੀਆਂ ’ਚ ਕਈ ਔਕੜਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਕੁਦਰਤ ਦੀ ਕਰੋਪੀ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਜਿੱਥੇ ਰਾਜ ’ਚ ਕੋਰੋਨਾ ਦਾ ਕਹਿਰ ਚਲ ਰਿਹਾ ਹੈ, ਉਥੇ ਖ਼ਰੀਦ ਦੌਰਾਨ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ।
ਵੱਖ-ਵੱਖ ਥਾਵਾਂ ਤੋਂ ਪ੍ਰਾਪਤ ਰੀਪੋਰਟਾਂ ਮੁਤਾਬਕ ਅੱਜ ਪਏ ਮੀਂਹ ਕਾਰਨ ਮੰਡੀਆਂ ’ਚ ਪਈ ਖੁੱਲ੍ਹੇ ਆਸਮਾਨ ਹੇਠ ਕਣਕ ਭਿੱਜ ਗਈ ਹੈ। ਭਾਵੇਂ ਕਈ ਥਾਈਂ ਕਿਸਾਨਾਂ ਨੇ ਅਪਣੇ ਵਲੋਂ ਤਰਪਾਲਾਂ ਦਾ ਪ੍ਰਬੰਧ ਕੀਤਾ ਸੀ ਪਰ ਸਰਕਾਰੀ ਤੌਰ ’ਤੇ ਖੁਲ੍ਹੀਆਂ ਥਾਵਾਂ ਅਤੇ ਮੰਡੀਆਂ ’ਚ ਪਈ ਕਣਕ ਢਕਣ ਲਈ ਸਰਕਾਰ ਵਲੋਂ ਤਰਪਾਲਾਂ ਦੀੀ ਕਮੀ ਵੀ ਸਾਹਮਣੇ ਆਈ ਹੈ। ਮਿਲੀਆਂ ਰੀਪੋਰਟਾਂ ਅਨੁਸਾਰ ਪਟਿਆਲਾ, ਮੋਗਾ, ਲੁਧਿਆਣਾ, ਮੋਹਾਲੀ, ਫ਼ਤਿਹਗੜ੍ਹ ਸਾਹਿਬ, ਸੰਗਰੂਰ, ਬਰਨਾਲਾ, ਨਾਭਾ, ਮਾਛੀਵਾੜਾ ਸਾਹਿਬ, ਬਰਨਾਲਾ ਅਤੇ ਕਈ ਹੋਰ ਜ਼ਿਲਿ੍ਹਆਂ ’ਚ ਮੀਂਹ ਪਿਆ ਅਤੇ ਕੁੱਝ ਥਾਵਾਂ ’ਤੇ ਗੜੇਮਾਰੀ ਵੀ ਹੋਈ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀਆਂ ’ਚ ਪਾਣੀ ਕਣਕ ਭਿੱਜਣ ਨਾਲ ਉਨ੍ਹਾਂ ਨੂੰ 25 ਫ਼ੀ ਸਦੀ ਤਕ ਦਾ ਨੁਕਸਾਨ ਝਲਣਾ ਪਵੇਗਾ।
File photo
ਇਸ ਮੀਂਹ ਨਾਲ ਪੱਕੀ ਖੜੀ ਕੱਟਣ ਵਾਲੀ ਕਣਕ ਨੂੰ ਵੀ ਕਈ ਥਾਈਂ ਨੁਕਸਾਨ ਹੋਇਆ ਹੈ। ਮੀਂਹ ਨਾਲ ਕਈ ਥਾਈਂ ਤੇਜ਼ ਹਵਾਵਾਂ ਵੀ ਚਲੀਆਂ ਜਿਸ ਨਾਲ ਪੱਕੀ ਫ਼ਸਲ ਦੇ ਦਾਣੇ ਡਿੱਗ ਪਏ। ਕੰਬਾਇਨਾਂ ਅਤੇ ਮਜ਼ਦੂਰਾਂ ਦੀ ਕਮੀ ਕਾਰਨ ਵੀ ਹਾਲੇ ਕਈ ਥਾਈਂ ਫ਼ਸਲ ਦੀ ਕਟਾਈ ’ਚ ਦੇਰੀ ਹੋ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਈ ਥਾਈਂ ਪਹਿਲਾਂ ਹੀ ਕਣਕ ’ਚ ਨਮੀ ਦੀ ਗੱਲ ਕਹਿ ਕੇ ਖ਼ਰੀਦ ਨਹੀਂ ਹੋ ਰਹੀ ਅਤੇ ਹੁਣ ਮੀਂਹ ਨਾਲ ਕਣਕ ਭਿੱਜਣ ਨਾਲ ਨਮੀ ਦੀ ਸਮੱਸਿਆ ਹੋਰ ਗੰਭੀਰ ਹੋ ਜਾਵੇਗੀ। ਹੁਣ ਮੀਂਹ ਦੀ ਮਾਰ ਅਤੇ ਆਉਣ ਵਾਲੇ ਦਿਨਾਂ ’ਚ ਹੋਰ ਭਾਰੀ ਮੀਂਹ ਪੈਣ ਦੇ ਮੌਸਮ ਵਿਭਾਗ ਦੇ ਅਨੁਮਾਨ ਤੋਂ ਬਾਅਦ ਕਿਸਾਨ ਯੂਨੀਅਨਾਂ ਨੇ ਕਣਕ ਉਤੇ ਘੱਟੋ-ਘੱਟ 200 ਰੁਪਏ ਬੋਨਸ ਦੀ ਮੰਗ ਹੋਰ ਜ਼ੋਰਦਾਰ ਤਰੀਕੇ ਨਾਲ ਚੁੱਕਣੀ ਸ਼ੁਰੂ ਕਰ ਦਿਤੀ ਗਈ ਹੈ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਡਾ. ਦਰਸ਼ਨ ਪਾਲ, ਹਰਭਜਨ ਸਿੰਘ ਬੁੱਟਰ, ਪਟਿਆਲਾ, ਅਵਤਾਰ ਸਿੰਘ ਮਹਿਮਾਂ ਫ਼ਿਰੋਜ਼ਪੁਰ, ਰੇਸ਼ਮ ਸਿੰਘ ਮਿੱਡਾ ਫਾਜ਼ਿਲਕਾ ਨੇ ਕਿਹਾ ਇਸ ਬੇਮੌਸਮੀ ਬਾਰਸ਼ ਦਾ ਕਣਕ ਦੇ ਮੰਡੀਕਰਨ ਅਤੇ ਕਣਕ ਦੇ ਝਾੜ ਉੱਤੇ ਬਹੁਤ ਜ਼ਿਆਦਾ ਨਾਂਹ ਪੱਖੀ ਅਸਰ ਪਹਿਲੋਂ ਹੀ ਪੈ ਚੁੱਕਿਆ ਹੈ ਤੇ ਹੁਣ ਹੋਰ ਪਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਕਣਕ ਦੀ ਫਸਲ ਨੂੰ ਪਾਲਣ ਵੇਲੇ ਅਤੇ ਹੁਣ ਉਸ ਦੇ ਮੰਡੀ ਕਰਨ ਵੇਲੇ ਜੋ ਘਾਟਾ ਪਿਆ ਹੈ ਉਸ ਦੇ ਇਵਜ਼ ਚ 200 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਜਾਂ ਬੋਨਸ ਦੇਵੇ।
ਕਿਉਂਕਿ ਇੱਕ ਤਾਂ ਮੌਸਮ ਨੇ ਪਹਿਲਾਂ ਵੀ ਬਹੁਤ ਨੁਕਸਾਨ ਕੀਤਾ ਹੈ ਤੇ ਹੁਣ ਹੋ ਰਿਹਾ ਹੈ ਅਤੇ ਦੂਸਰਾ ਕਿਸਾਨ ਨੇ ਇਨ੍ਹਾਂ ਸਮਿਆਂ ਵਿੱਚ ਜਦੋਂ ਕਣਕ ਵੱਢ ਕੇ ਮੰਡੀ ਲੈ ਕੇ ਜਾਣੀ ਸੀ, ਉਹਨੂੰ ਬਹੁਤ ਸਾਰੇ ਕਾਰਨਾਂ ਕਰਕੇ ਮੰਡੀ ਦੀ ਬਜਾਏ ਘਰੇ ਜਾਂ ਕਿਸੇ ਹੋਰ ਥਾਂ ਤੇ ਕਣਕ ਉਤਾਰਨੀ ਪਈ ਹੈ ਅਤੇ ਦੁਬਾਰਾ ਉਸ ਨੂੰ ਲੇਬਰ ਲਾ ਕੇ, ਦੁਬਾਰਾ ਟਰਾਲੀ ਭਰ ਕੇ ਮੰਡੀ ‘ਚ ਲੈ ਕੇ ਜਾਣੀ ਪੈਣੀ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਤੁਰਤਪੈਰੀ ਹਾਸਲ ਹੋ ਸਕੀ ਜਾਣਕਾਰੀ ਮੁਤਾਬਕ ਡਗਰੂ (ਮੋਗਾ) ਤੋਂ ਲੈ ਕੇ ਲੁਧਿਆਣਾ ਤੱਕ ਹਾਈਵੇ ਦੇ ਦੋਨੀਂ ਪਾਸੀਂ ਖਾਸ ਕਰਕੇ ਸਤਲੁਜ ਵਾਲੇ ਪਾਸੇ ਦੇ ਸੈਂਕੜੇ ਪਿੰਡਾਂ ’ਚ ਭਾਰੀ ਮੀਂਹ ਤੋਂ ਇਲਾਵਾ ਕਈ ਪਿੰਡਾਂ ’ਚ ਭਾਰੀ ਗੜੇਮਾਰੀ ਹੋਈ ਹੈ।
ਪੱਕੀ ਕਣਕ ’ਚ ਪਾਣੀ ਵੀ ਖੜ੍ਹ ਗਿਆ ਹੈ। ਇੱਥੇ ਕੰਬਾਈਨਾਂ ਦੀ ਵਾਢੀ ਕੁੱਝ ਦਿਨ ਰੁਕਣ ਨਾਲ ਦਾਣੇ ਕਿਰਨ ਕਰਕੇ ਝਾੜ ਘਟੇਗਾ। ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਬੇਮੌਸਮੇ ਮੀਂਹ ਤੇ ਗੜੇਮਾਰੀ ਤੋਂ ਪ੍ਰਭਾਵਤ ਇਲਾਕਿਆਂ ਦੀ ਵਿਸ਼ੇਸ਼ ਗਿਰਦਾਵਰੀ ਤੁਰੰਤ ਕਰਵਾ ਕੇ ਖੜੀਆਂ ਫਸਲਾਂ ਦੇ ਨੁਕਸਾਨ ਦੀ ਪੂਰੀ ਭਰਪਾਈ ਕੀਤੀ ਜਾਵੇ। ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਰਪ੍ਰਸਤ ਹਰਦੇਵ ਸਿੰਘ ਸੰਧੂ ਅਤੇ ਪ੍ਰਧਾਨ ਦਾਤਾਰ ਸਿੰਘ ਨੇ ਸਾਂਝੇ ਪ੍ਰੈੱਸ ਬਿਆਨ ਰਾਹੀਂ ਮੰਗ ਕੀਤੀ ਹੈ ਕਿ ਸਰਕਾਰ ਦਾ ਪਾਸ ਜਾਰੀ ਕਰਕੇ ਕਣਕ ਖਰੀਦਣ ਦਾ ਤਰੀਕਾ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ, ਇਸ ਨੂੰ ਰੱਦ ਕਰਕੇ ਸਿੱਧੀ ਖਰੀਦ ਕੀਤੀ ਜਾਵੇ। ਇੱਕ ਤਾਂ ਕੁਦਰਤ ਦੀ ਕਰੋਪੀ ਕਿਸਾਨਾਂ ਦੇ ਸਾਹ ਸੁਕਾ ਰਹੀ ਹੈ ਦੂਸਰਾ ਪੁੱਤਰਾਂ ਵਾਂਗ ਪਾਲੀ ਫਸਲ ਖੇਤਾਂ ਵਿੱਚ ਖਰਾਬ ਹੋਣ ਦਾ ਡਰ ਹੈ।