
ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਗਾਏ ਗਏ ਕਰਫ਼ਿਊ ਦੌਰਾਨ ਸ਼ਾਹਕੋਟ ਪੁਲਿਸ ਨੇ ਗ਼ੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਵਿਰੁਧ ਸਖ਼ਤ ਕਰਵਾਈ
ਸ਼ਾਹਕੋਟ 20 ਅਪ੍ਰੈਲ (ਹਰਦੀਪ ਸਿੰਘ ਖ਼ਾਲਸਾ) : ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਗਾਏ ਗਏ ਕਰਫ਼ਿਊ ਦੌਰਾਨ ਸ਼ਾਹਕੋਟ ਪੁਲਿਸ ਨੇ ਗ਼ੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਵਿਰੁਧ ਸਖ਼ਤ ਕਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਦਿਆਂ 10 ਹੋਰ ਵਿਅਕਤੀਆਂ ਦੇ ਖਿਲਾਫ਼ ਪਰਚਾ ਦਰਜ ਕਰਨ ਤੋਂ ਇਲਾਵਾ 11 ਟਰੈਕਟਰ ਟਰਾਲੀਆਂ (ਦੋ ਰੇਤ ਨਾਲ ਭਰੀਆਂ ਹੋਈਆਂ) ਤੇ ਇਕ ਜੇ.ਸੀ.ਬੀ. ਮਸ਼ੀਨ ਮਾਈਨਿੰਗ ਵਾਲੀ ਥਾਂ ਤੋਂ ਸਵੇਰੇ 3 ਵਜੇ ਛਾਪੇਮਾਰੀ ਦੌਰਾਨ ਬਰਾਮਦ ਕੀਤੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ ਨੇ ਦਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਾਹਕੋਟ ਨੇੜਲੇ ਪਿੰਡ ਰਾਮਪੁਰ ਵਿਖੇ ਦਰਿਆ ਸਤਲੁਜ ਦੇ ਕੰਢੇ ’ਤੇ ਗ਼ੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ। ਪੁਲਿਸ ਵਲੋਂ ਸੋਮਵਾਰ ਦੀ ਸਵੇਰ 3 ਵਜੇ ਛਾਪਾ ਮਾਰਿਆ ਗਿਆ ਜਿਥੇ ਗ਼ੈਰ ਕਾਨੂੰਨੀ ਮਾਈਨਿੰਗ ਚਲ ਰਹੀ ਸੀ। ਉਨ੍ਹਾਂ ਦਸਿਆ ਕਿ ਪੁਲਿਸ ਪਾਰਟੀ ਵਲੋਂ ਦੋ ਵਿਅਕਤੀਆਂ ਨੂੰ ਜੇ.ਸੀ.ਬੀ.ਚਲਾਉਂਦਿਆਂ ਮੌਕੇ ‘ਤੇ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਕਿ ਬਾਕੀ 10 ਵਿਅਕਤੀ ਭੱਜ ਗਏ।
ਐਸ.ਐਚ.ਓ. ਨੇ ਦਸਿਆ ਕਿ ਦੋ ਗ੍ਰਿਫ਼ਤਾਰ ਵਿਅਕਤੀਆਂ ਦੀ ਪਹਿਚਾਣ ਲਖਵਿੰਦਰ ਸਿੰਘ ਪੁੱਤਰ ਡਾਨੀ ਵਾਸੀ ਸਾਹਲਾਪੁਰ ਸ਼ਾਹਕੋਟ ਅਤੇ ਜਤਿੰਦਰ ਪੁੱਤਰ ਕੁਲਵੰਤ ਸਿੰਘ ਵਾਸੀ ਪਧੇਰ ਨਕੋਦਰ ਵਜੋਂ ਹੋਈ ਹੈ। ਉਨ੍ਹਾਂ ਦਸਿਆ ਕਿ ਜਿਹੜੇ 10 ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ ਉਨ੍ਹਾਂ ਵਿਚ ਚਮਨ ਲਾਲ, ਮੁਖਤਿਆਰ ਸਿੰਘ, ਵੀਰਪਾਲ, ਹਰਪ੍ਰੀਤ ਸਿੰਘ, ਜੱਸਾ, ਤੇਜਿੰਦਰ ਸਿੰਘ, ਗੋਪੀ, ਲੱਖੀ ਗੁਰਜੀਤ ਸਿੰਘ ਅਤੇ ਮੰਗੀ ਵਾਸੀ ਨਿਮਾਜ਼ੀਪੁਰ ਸ਼ਾਹਕੋਟ ਸ਼ਾਮਲ ਹਨ। ਇਨ੍ਹਾਂ ਵਿਰੁਧ ਪਰਚਾ ਦਰਜ ਕਰ ਲਿਆ ਹੈ।
ਸਾਰੇ ਦੋਸ਼ੀਆਂ ਵਿਰੁਧ ਭਾਰਤੀ ਦੰਡਾਵਾਲੀ ਦੀ ਧਾਰਾ 21 ਮਾਈਨਿੰਗ ਐਕਟ 188/379 ਤੇ ਆਫ਼ਤ ਪ੍ਰਬੰਧਨ ਐਕਟ 2005 ਦੀ ਧਾਰਾ 51-ਬੀ ਤਹਿਤ ਮਾਮਲਾ ਦਰਜ਼ ਕਰਕੇ ਅਗਲੇਰੀ ਪੁੱਛਗਿਛ ਜਾਰੀ ਹੈ। ਉਨਾਂ ਕਿਹਾ ਕਿ ਬਾਕੀ ਵਿਅਕਤਾਂ ਨੂੰ ਫੜਨ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਜਲਦੀ ਹੀ ਬਾਕੀ ਦੋਸ਼ੀਆਂ ਨੂੰ ਜਲਦ ਜੇਲ ਦੀਆਂ ਸਲਾਖਾਂ ਦੇ ਪਿਛੇ ਭੇਜਿਆ ਜਾਵੇਗਾ।