
ਬਿਆਨ ਦੇਣ ਤੋਂ ਪਹਿਲਾਂ ਭਗਵੰਤ ਮਾਨ ਤੋਂ ਪੁੱਛ ਲੈਣ 'ਆਪ' ਆਗੂ : ਗੁੱਜਰ
ਚੰਡੀਗੜ੍ਹ, 20 ਅਪ੍ਰੈਲ (ਸੁਰਜੀਤ ਸਿੰਘ ਸੱਤੀ): ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਲੋਂ ਐਸਵਾਈਐਲ ਦਾ ਪਾਣੀ ਹਰਿਆਣਾ ਦੇ ਪਿੰਡਾਂ ਤਕ ਪਹੁੰਚਾਉਣ ਦੇ ਬਿਆਨ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਤਕਰਾਰ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ | ਹਰਿਆਣਾ ਦੇ ਸਿਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਕਿਹਾ ਹੈ ਕਿ ਹਰਿਆਣਾ ਨੂੰ ਐਸਵਾਈਐਲ ਰਾਹੀਂ ਪਾਣੀ ਦਿਵਾਉਣ ਦੀ ਗੱਲ ਕਹਿਣ ਵਾਲੇ ਸੁਸ਼ੀਲ ਗੁਪਤਾ ਬਿਆਨ ਦੇਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛ ਲੈਣ ਕਿ ਕੀ ਉਹ ਐਸਵਾਈਐਲ ਦਾ ਪਾਣੀ ਹਰਿਆਣਾ ਨੂੰ ਦੇ ਦੇਣਗੇ | ਦੂਜੇ ਪਾਸੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਪੰਜਾਬ ਦਾ ਇਕ ਬੂੰਦ ਪਾਣੀ ਵੀ ਹਰਿਆਣਾ ਨੂੰ ਨਹੀਂ ਦਿਤਾ ਜਾਵੇਗਾ | ਸਿਖਿਆ ਮੰਤਰੀ ਨੇ ਇਥੇ ਪ੍ਰੈਸ ਕਲੱਬ ਵਿਖੇ ਇਕ ਸਮਾਗਮ ਦੌਰਾਨ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ 'ਆਪ' ਆਗੂ ਪਹਿਲਾਂ ਇਸ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਿਆਨ ਦਿਵਾ ਦੇਣ ਕਿ ਪੰਜਾਬ ਵਲੋਂ ਹਰਿਆਣਾ ਨੂੰ ਪਾਣੀ ਦਿਤਾ ਜਾਵੇਗਾ ਤੇ ਤਾਂ ਹੀ ਅਜਿਹੇ ਬਿਆਨ ਦੇਣ | ਉਨ੍ਹਾਂ ਕਿਹਾ ਕਿ ਪੰਜਾਬ ਐਸਵਾਈਐਲ ਦਾ ਵਿਰੋਧ ਕਰ ਰਿਹਾ ਹੈ ਤੇ ਅੱਜ ਤਕ ਕਿਸੇ ਸਰਕਾਰ ਨੇ ਇਸ ਦਾ ਹੱਲ ਨਹੀਂ ਕੀਤਾ ਤੇ ਇਸ ਦਾ ਇਕੋ ਹੱਲ ਸੁਪਰੀਮ ਕੋਰਟ ਹੈ |
ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਗੱਲਬਾਤ ਰਾਹੀਂ ਅਜੇ ਤਕ ਹੱਲ ਨਹੀਂ ਨਿਕਲਿਆ ਤੇ ਹਰਿਆਣਾ ਸਰਕਾਰ ਮੁੜ ਸੁਪਰੀਮ ਕੋਰਟ ਦਾ ਰੁਖ਼ ਕਰ ਸਕਦੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਵਲੋੋਂ ਕੋਈ ਗ਼ਲਤ ਮੰਗ ਨਹੀਂ ਕੀਤੀ ਜਾ ਰਹੀ, ਸਗੋਂ ਉਹ ਅਪਣੇ ਹਿੱਸੇ ਦਾ ਪਾਣੀ ਮੰਗ ਰਿਹਾ ਹੈ ਤੇ ਇਹ ਲੜਾਈ ਜਾਰੀ ਰੱਖੀ ਜਾਵੇਗੀ |
ਉਨ੍ਹਾਂ ਕਿਹਾ ਕਿ 'ਆਪ' ਆਗੂ ਇਸ ਮਾਮਲੇ ਵਿਚ ਹਰਿਆਣਾ ਦੀ ਜਨਤਾ ਨੂੰ ਗੁਮਰਾਹ ਕਰ ਰਹੇ ਹਨ |